ਇਹਨੂੰ ਕਹਿੰਦੇ ਆ ਜਲੇਬੀਆਂ 'ਚ ਗੰਢਾ ਰੱਖਣਾ.......!

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਪ੍ਰਦੇਸੀਂ ਬੈਠਿਆਂ ਨੂੰ ਜਦੋਂ 'ਆਪਣਿਆਂ' ਦੀ ਯਾਦ ਆਉਂਦੀ ਐ ਤਾਂ ਬਲਕਾਰ ਸਿੱਧੂ ਦੇ ਗਾਏ ਤੇ ਮੇਰੇ ਗੁਆਂਢੀ ਪਿੰਡ ਧੂੜਕੋਟ ਦੇ ਗੁਰਨਾਮ ਗਾਮਾ ਦੇ ਲਿਖੇ ਗੀਤ ਦੇ ਬੋਲ ਆਪ ਮੁਹਾਰੇ ਹੀ ਬੁੱਲ੍ਹਾਂ ਤੇ ਨੱਚਣ ਲੱਗ ਜਾਂਦੇ ਨੇ ਕਿ
"ਜਿਵੇਂ ਹੁੰਦਾ ਪ੍ਰਦੇਸੀ ਨੂੰ ਗਰਾਂ,
ਮੈਂ ਐਨਾ ਤੈਨੂੰ ਪਿਆਰ ਕਰਾਂ।"
ਅਜੇ ਫਰਵਰੀ 2008 'ਚ ਹੀ ਤਾਂ ਇੰਗਲੈਂਡ ਆਇਆ ਸੀ। ਪਰ ਐਸੀ ਵਿਧ ਬਣੀ ਕਿ ਸਾਲ਼ਾ ਸਾਹਿਬ ਦੇ ਵਿਆਹ 'ਤੇ ਜਾਣ ਲਈ ਸਹੀ 8 ਮਹੀਨੇ 11 ਦਿਨਾਂ ਬਾਦ ਹੀ ਪਿੰਡ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਸੀ। ਇਸ ਅਰਸੇ ਦੌਰਾਨ ਕੋਈ ਦਿਨ ਹੀ ਆਹਲਾ ਗਿਆ ਹੋਵੇਗਾ ਕਿ 'ਆਪਣੇ ਪਿਆਰਿਆਂ' ਦਾ ਸੁਪਨਾ ਮਹਿਮਾਨ ਬਣਕੇ ਨਾ ਆਇਆ ਹੋਵੇ। ਅਜੇ ਪਿੰਡ ਜਾਣ 'ਚ ਪੂਰੇ 45 ਦਿਨ ਪਏ ਸਨ ਕਿ ਅਸੀਂ ਟਿਕਟਾਂ 29 ਅਕਤੂਬਰ ਦੀਆਂ ਬੁੱਕ ਕਰਵਾ ਲਈਆਂ ਸਨ। ਉਸੇ ਦਿਨ ਤੋਂ ਹੀ ਮੈਂ 'ਔਸੀਆਂ' ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਪਿੰਡ ਜਾਣ ਬਾਰੇ ਸੋਚ ਕੇ ਹੀ ਮਨ ਸੁਆਦ ਸੁਆਦ ਹੋ ਜਾਂਦਾ। ਪਰ ਕੀ ਦੱਸਾਂ ਯਾਰ ਆਪਣੇ 'ਹਾਈ ਕਮਿਸ਼ਨ ਆਫ਼ ਇੰਡੀਆ' ਵਾਲਿਆਂ ਨੇ ਐਸਾ ਜਲੇਬੀਆਂ 'ਚ ਗੰਢਾ ਰੱਖਿਆ ਕਿ ਇੱਕ ਵਾਰ ਤਾਂ ਪਿੰਡ ਜਾਣ ਦਾ ਖਿਆਲ ਤਿਆਗਣ ਵਰਗੀ ਨੌਬਤ ਆ ਗਈ। ਸੜਕੇ ਸੜਕੇ ਜਾਣਾ ਹੁੰਦਾ ਤਾਂ ਮੈਂ ਕਦੋਂ ਦਾ ਤਿੱਤਰ ਹੋ ਜਾਂਦਾ।
ਬਸ ਏਸੇ ਗੱਲ ਤੇ ਹੀ ਗੁੱਸਾ ਆਉਂਦਾ ਰਹਿੰਦਾ ਕਿ 'ਆਪਣੇ ਵਾਲੇ' ਇੰਗਲੈਂਡ ਆ ਕੇ ਵੀ ਨੀਂ ਸੁਧਰੇ। ਖਰਬੂਜੇ ਨੂੰ ਦੇਖਕੇ ਖਰਬੂਜੇ ਦੇ ਰੰਗ ਫੜ੍ਹਨ ਵਾਲੀ ਗੱਲ ਵੀ ਝੂਠੀ ਪੈਂਦੀ ਜਾਪੀ। ਮੈਨੂੰ ਤਾਂ ਇਉਂ ਲੱਗਣ ਲੱਗ ਪਿਆ ਕਿ ਇਹ ਕਿਤੇ ਚੰਗੇ ਭਲੇ ਅਨੁਸ਼ਾਸ਼ਨਬੱਧ ਗੋਰਿਆਂ ਨੂੰ ਵੀ ਆਵਦੇ ਅਰਗੇ ਰਿੱਗਲ ਨਾ ਬਣਾ ਲੈਣ। ਮਿੱਤਰੋ! ਮੈਂ ਐਵੇਂ ਹੀ ਨਹੀਂ ਕਲਪ ਰਿਹਾ ਕਿਉਂਕਿ ਮੈਨੂੰ ਪਿੰਡ ਜਾਣ ਦਾ ਚਾਅ ਕਿਸੇ ਸੱਜ ਵਿਆਹੀ ਦੇ ਮੁੜ ਪੇਕੇ ਜਾਣ ਦੇ ਚਾਅ ਤੋਂ ਵੀ ਕਿਤੇ ਵੱਧ ਸੀ। ਘਰਵਾਲੀ ਨੇ ਵੀਜਾ ਲੁਆਉਣ ਲਈ ਪਾਸਪੋਰਟ ਸਪੈਸਲ਼ ਡਲਿਵਰੀ ਡਾਕ ਰਾਹੀਂ ਭੇਜਿਆ। ਵੀਜਾ ਤਾਂ ਕੀ ਲਾਉਣਾ ਸੀ? ਸਗੋਂ ਕਹਿੰਦੇ, "ਪੁਰਾਣਾ ਪਾਸਪੋਰਟ ਭੇਜੋ।" ਚਲੋ ਓਹ ਵੀ ਭੇਜ ਦਿੱਤਾ। ਫੇਰ ਫੋਨ ਆਇਆ ਤਾਂ ਕਹਿਣ ਲੱਗੇ, "ਪਾਸਪੋਰਟ ਨਹੀਂ ਮਿਲਿਆ, ਅਸੀਂ ਅਰਜ਼ੀ ਰੱਦ ਕਰ ਦਿਆਂਗੇ।" ਅਸੀਂ ਫੋਨ ਕਰੀਏ ਤਾਂ ਅੱਗੋਂ ਜਵਾਬ ਆਵੇ, "ਤੁਹਾਡਾ ਸੁਨੇਹਾ ਸਾਂਭਣ ਲਈ ਮੈਸੇਜ ਬਾਕਸ ਵਿੱਚ ਜਗ੍ਹਾ ਨਹੀਂ ਹੈ। ਕਾਲ ਕਰਨ ਲਈ ਧੰਨਵਾਦ।" ਕੀ ਕਰਿਆ ਜਾਵੇ ਯਾਰ ਆਪਣਿਆਂ ਨੂੰ ਤਾਂ ਭੰਡਦਿਆਂ ਨੂੰ ਵੀ ਸ਼ਰਮ ਆਊਂਦੀ ਐ? ਡਰ ਲੱਗਦੈ ਕਿ ਲੋਕੀਂ ਇਹ ਨਾ ਕਹਿ ਦੇਣ ਕਿ ਸਾਲ ਹੋਇਆ ਨਹੀਂ 'ਬਾਹਰ' ਗਏ ਨੂੰ ਹੁਣ ਆਵਦੇ ਦੇਸ਼ 'ਚੋਂ ਮੁਸ਼ਕ ਵੀ ਆਉਣ ਲੱਗ ਗਿਆ? ਪਰ ਗੱਲ ਵੱਸ ਦੀ ਨਹੀਂ ਰਹਿੰਦੀ ਤਾਂ ਮੁੜ ਮੁੜ ਸੂਈ ਓਥੇ ਈ ਆ ਟਿਕਦੀ ਐ। ਪੂਰੇ ਛੇ ਹਫਤਿਆਂ ਬਾਦ ਡਿਗਦਾ ਢਹਿੰਦਾ ਸ੍ਰੀਮਤੀ ਦਾ ਪਾਸਪੋਰਟ ਮਿਲ ਗਿਆ ਪਰ ਜਦ ਲਿਫਾਫਾ ਖੋਲ੍ਹਿਆ ਤਾਂ ਵਿੱਚੋਂ ਹੋਰ ਹੀ ਸੱਪ ਨਿੱਕਲ ਆਇਆ...! ਮਿੱਤਰੋ ਐਵੇਂ ਨਾ ਡਰੋ ਯਾਰ, ਆਪਾਂ ਓਸ ਸੱਪ ਦੀ ਗੱਲ ਨੀ ਕਰਦੇ, ਮਾਂ ਦੇ ਪੁੱਤਾਂ ਨੇ ਪਾਸਪੋਰਟ ਨਾਲ ਭੇਜੇ ਮੈਰਿਜ ਸਰਟੀਫਿਕੇਟ ਤੇ ਮੇਰਾ ਭਾਰਤੀ ਵੋਟਰ ਕਾਰਡ ਵਾਪਸ ਨਾ ਭੇਜੇ। ਘਰ ਵਾਲੀ ਮੇਰੇ ਦੁਆਲੇ ਹੋਈ ਫਿਰੇ ਅਖੇ, "ਤੁਸੀਂ ਹੀ ਕਹਿੰਦੇ ਸੀ ਨਾ ਬਈ ਮੇਰੇ ਦੇਸ਼ ਨੂੰ ਮੰਦਾ ਨਾ ਬੋਲੀਂ, ਮੇਰੀ ਭਾਵੇਂ ਜਿੰਦ ਕੱਢਲੈ! ਲਓ ਦੇਖਲੋ ਹੁਣ ਫਿਰ ਚੰਦ ਚੜ੍ਹਾ ਕੇ ਤੋਰ ਦਿੱਤੈ, ਜਿਹਨਾਂ ਪਿੱਛੇ ਜਿੰਦ ਵਾਰਨ ਨੂੰ ਤੁਰੇ ਫਿਰਦੇ ਓ।" ਸਾਡੇ ਲਈ ਫਿਰ ਮੁਸੀਬਤ ਆਣ ਖੜ੍ਹੀ ਹੋਈ ਕਿਉਂਕਿ ਮਾਂ ਦੇ ਸ਼ੇਰ ਬੱਗਿਆਂ ਨੇ ਅਸਲੀ ਕਾਗਜ ਹੀ ਓਵੇਂ ਦੱਬ ਕੇ ਰੱਖ ਲਏ ਜਿਵੇਂ 'ਸੇਵਾ' ਤੇ ਬੈਠੀ ਕੁਕੜੀ ਆਂਡਿਆਂ ਨੂੰ ਲੁਕੋ ਕੇ ਬਹਿੰਦੀ ਐ। ਪੱਕੇ ਕਾਗਜ ਨਾ ਮਿਲਣ ਦੀ ਪ੍ਰੇਸ਼ਾਨੀ ਤਾਂ ਇੱਕ ਪਾਸੇ ਰਹੀ, ਜਦੋਂ ਦਫਤਰ ਫੋਨ ਕਰੀਏ ਤਾਂ ਗੱਲ ਪ੍ਰੀਮੀਅਮ ਰੇਟ ਲੱਗੇ ਭਾਵ ਕਿ ਜੇ ਅਸੀਂ ਇੰਗਲੈਂਡ ਤੋਂ ਆਪਣੇ ਪੰਜਾਬ ਗੱਲ ਕਰੀਏ ਤਾਂ ਇੰਗਲੈਂਡ ਦੀਆਂ 5 ਪੈਨੀਆਂ (ਪੈਸੇ) ਫ਼ੀ ਮਿੰਟ ਲਗਦੇ ਹਨ। ਪਰ ਜਦੋਂ ਅਸੀਂ ਕਾਗਜਾਂ ਦੀ ਪੁੱਛਗਿੱਛ ਬਾਰੇ ਫੋਨ ਕਰੀਏ ਤਾਂ 95 ਪੈਨੀਆਂ ਫੀ ਮਿੰਟ ਲੱਗਣ! ਜਦੋਂ ਵੀ ਭਾਗਵਾਨ ਫੋਨ ਕਰਕੇ ਹੱਟਦੀ ਤਾਂ ਮੇਰਾ ਸ਼ੱਕ ਯਕੀਨ 'ਚ ਬਦਲ ਜਾਂਦਾ ਕਿ ਹੁਣ ਜ਼ਰੂਰ ਕੋਈ ਨਾ ਕੋਈ ਨਵੇਂ ਬਰਾਂਡ ਦੀ ਗਾਲ੍ਹ ਕੱਢੂ। ਉਹ ਵੀ ਕੀ ਕਰਦੀ? ਉਹਨੇ ਬਰਮਿੰਘਮ ਦਫਤਰ ਤੋਂ ਲੇ ਕੇ ਲੰਡਨ ਵਾਲਿਆਂ ਤੱਕ ਨੂੰ ਚਿੱਠੀਆਂ, ਈ-ਮੇਲਾਂ ਕਰ ਦਿੱਤੀਆਂ। ਪਰ ਪਤਾ ਨਹੀ ਕਿਹੜੀ ਐਨੀ ਗਾੜ੍ਹੀ ਲੱਸੀ ਪੀ ਕੇ ਸੁੱਤੇ ਹੋਏ ਨੇ ਕਿ ਨੀਂਦ ਹੀ ਨਹੀਂ ਖੁੱਲਦੀ?
ਹੁਣ ਜਦੋਂ ਅਸੀਂ ਪੰਜਾਬ 10 ਦਿਨ ਲਾ ਕੇ ਵਾਪਸ ਵੀ ਆ ਗਏ ਸਾਂ, ਤਾਂ ਵੀ ਸਾਡੇ ਕਾਗਜਾਂ ਬਾਰੇ ਕੋਈ ਸੁੱਖ ਸੁਨੇਹਾ ਨਹੀਂ ਸੀ ਮਿਲਿਆ। ਘਰਵਾਲੀ ਮੱਥਾ-ਮੁੱਥਾ ਮਾਰ ਕੇ ਨਿੱਤ ਆਥਣੇ ਪੈਰਾਂ ਨਾਲ ਮਿੱਟੀ ਕੱਢ ਛੱਡਦੀ। ਮੈ ਕਈ ਵਾਰ ਕਿਹਾ ਕਿ ਆਪਾਂ ਨੂੰ ਇਹ ਮੁੱਦਾ ਪ੍ਰੈਸ 'ਚ ਲਿਜਾਣਾ ਚਾਹੀਦੈ। ਟੀ. ਵੀ. ਚੈਨਲਾਂ ਵਾਲੇ ਤਾਂ ਖੁਰਗੋ ਪੁੱਟੀ ਜਾਂਦੇ ਹੁੰਦੇ ਆ ਕਿ ਆਪਣੀਆਂ ਮੁਸ਼ਕਿਲਾਂ ਸਾਡੇ ਨਾਲ ਸਾਂਝੀਆਂ ਕਰੋ। ਮੇਰੀ ਇਸ ਦਲੀਲ ਨੂੰ ਮੂਲੋਂ ਹੀ ਰੱਦ ਕਰਦਿਆਂ ਘਰਵਾਲੀ ਦਾ ਇਹੀ ਜਵਾਬ ਹੁੰਦਾ ਕਿ, "ਇਹ ਕੀ ਸਮਝਦੇ ਆ ਬੇਇੱਜਤੀ ਨੂੰ, ਕਿਹੜਾ ਇੱਕ ਵਾਰ ਹੋਈ ਆ? ਇੱਕ ਵਾਰ ਬੀ. ਬੀ. ਸੀ. ਵਾਲਿਆਂ ਚੰਗੀ ਨੇ ਮਿੱਟੀ ਪਲੀਤ ਕੀਤੀ ਸੀ ਇਹਨਾਂ ਦੀ, ਉਦੋਂ ਨਹੀਂ ਸੁਧਰੇ ਤਾਂ ਹੁਣ ਕਿਵੇਂ ਸੁਧਰ ਜਾਣਗੇ?" ਇਸ ਤੋਂ ਅੱਗੇ 'ਆਪਣੇ ਵਾਲਿਆਂ' ਦੀ ਸ਼ੋਭਾ ਬਾਰੇ ਉਹ ਚੁੱਪ ਨਾ ਕਰਦੀ ਤੇ ਇੱਕ ਵਾਰ ਦਾ ਅੱਖੀਂ ਡਿੱਠਾ ਹਾਲ ਵੀ ਨਾਲੋ-ਨਾਲ ਸੁਣਾ ਧਰਦੀ ਕਿ ਸਾਡੇ ਵਾਂਗ ਹੀ ਅੱਕੇ ਕਿਸੇ ਸਰਦਾਰ ਜੀ ਨੇ ਕਿਵੇਂ ਸ਼ਰੇਆਮ ਚੋਂਦੀਆਂ ਚੋਂਦੀਆਂ ਗਾਲ੍ਹਾਂ ਉਹਨਾਂ ਦੀ ਝੋਲੀ ਪਾਈਆਂ ਸਨ। ਉਹਦੇ ਦੱਸਣ ਮੁਤਾਬਿਕ ਹੀ ਫਿਰ ਸਾਰਾ ਅਮਲਾ-ਫੈਲਾ ਮੂਤ ਦੀ ਝੱਗ ਵਾਂਗ ਬਹਿ ਗਿਆ ਸੀ ਤੇ ਸਰਦਾਰ ਜੀ ਦੇ ਅੱਗੇ ਪਿੱਛੇ ਫਿਰ ਰਿਹਾ ਸੀ। ਉਸੇ ਘਟਨਾ ਤੋਂ ਹੀ ਸਬਕ ਲੈਂਦਿਆਂ ਮੈਂ ਉਸਨੂੰ ਜਿਹੜੀ ਜੁਗਤ ਦੱਸੀ ਉਸ 'ਤੇ ਅਮਲ ਕਰਨ ਨਾਲ ਲੰਡਨ ਵਾਲੀ ਚਿੱਠੀ ਦਾ ਜਵਾਬ ਤਾਂ ਆ ਗਿਆ ਕਿ "ਅਸੀਂ ਤੁਹਾਡੇ ਕਾਗਜ ਸੀਲਬੰਦ ਲਿਫਾਫੇ 'ਚ ਬਰਮਿੰਘਮ ਵਾਲਿਆਂ ਨੂੰ ਭੇਜ ਦਿੱਤੇ ਸਨ, ਪਤਾ ਕਰੋ।" ਪਰ ਕਾਗਜਾਂ ਦਾ ਮਸਲਾ ਬਰਕਰਾਰ ਸੀ। ਹੁਣ ਤੁਸੀਂ ਪੁੱਛੋਂਗੇ ਕਿ ਐਹੋ ਜਿਹੀ ਕਿਹੜੀ ਗਿੱਦੜਸਿੰਗੀ ਦੇ ਦਿੱਤੀ ਕਿ ਜਵਾਬ ਆ ਗਿਆ? ਲਓ ਸੁਣੋ, ਥੋਨੂੰ ਆਪ ਵੀ ਪਤੈ ਕਿ ਆਪਣੇ ਵਾਲੇ ਥੋੜੇ ਖੜਖੜੇ ਕਿਸੇ ਦੀ ਗੱਲ ਨਹੀਂ ਸੁਣਦੇ। ਜਿੰਨਾ ਚਿਰ ਇਹਨਾਂ ਨੂੰ ਕੋਈ ਮੂਹਰਿਓਂ ਵੱਢਖਾਣਿਆਂ ਵਾਂਗ ਨਾ ਪਵੇ, ਓਨਾ ਚਿਰ ਪੂਛ ਉਤਾਂਹ ਹੀ ਰੱਖਦੇ ਆ। ਭਾਗਵਾਨ ਹਰ ਵਾਰੀ ਚਿੱਠੀ ਜਾਂ ਈ-ਮੇਲ 'ਚ ਪੜ੍ਹਿਆਂ ਲਿਖਿਆਂ ਵਾਲੀ ਭਾਸ਼ਾ ਲਿਖ ਕੇ ਭੇਜ ਦਿਆ ਕਰੇ। ਮੈਂ ਉਹਨੂੰ ਨੇਕ ਸਲਾਹ ਇਹ ਦਿੱਤੀ ਕਿ ਜਿੰਨਾ ਚਿਰ ਚਿੱਠੀ 'ਚ ਇਹਨਾਂ ਨੂੰ 'ਸੁæੱਧ ਪੰਜਾਬੀ' 'ਪਿਆਰ ਭਰੀਆਂ ਲੋਰੀਆਂ' ਅੰਗਰੇਜ਼ੀ 'ਚ ਤਰਜਮਾ ਕਰਕੇ ਨਹੀਂ ਦਿੱਤੀਆਂ ਜਾਂਦੀਆਂ, ਓਨਾ ਚਿਰ ਤਾਂ ਇਹ ਆਪਾਂ ਨੂੰ ਪੜ੍ਹੇ ਲਿਖੇ ਮੂਰਖ ਹੀ ਸਮਝਦੇ ਰਹਿਣਗੇ। ਫੇਰ ਕੀ ਸੀ ਮਾਂ ਦੀ ਧੀ ਨੇ ਪੰਜਾਬੀ ਸਟਾਈਲ 'ਚ ਲਿਖੀ ਅੰਗਰੇਜੀ ਚਿੱਠੀ 'ਚ ਉਹ ਭਾਣਾ ਵਰਤਾਇਆ ਕਿ ਇਸ ਚਿੱਠੀ ਤੋਂ ਤੀਜੇ-ਚੌਥੇ ਦਿਨ ਹੀ ਬੜਾ ਨਿਮਰਤਾ ਸਹਿਤ ਉੱਤਰ ਆ ਗਿਆ। 'ਉੱਡਦੀ ਧੂੜ ਦਿਸੇ, ਬੋਤਾ ਵੀਰ ਦਾ ਨਜ਼ਰ ਨਾ ਆਵੇ' ਵਾਂਗ ਧੂੜ ਜਿਹੀ ਤਾਂ ਉੱਡਦੀ ਦੀਂਹਦੀ ਐ। ਪਰ ਵਿਚਾਰੇ ਕਾਗਜ ਪਤਾ ਨਹੀਂ ਕਿਸ ਹਾਲ 'ਚ ਹੋਣਗੇ, ਸਾਂਭੇ ਹੋਣਗੇ ਜਾਂ ਨਹੀਂ ਕਿਉਂਕਿ ਇਹਨਾਂ ਕਾਗਜਾਂ ਸਹਾਰੇ ਹੀ ਮੇਰੀ ਪੱਕੇ ਹੋਣ ਵਾਲੀ ਨਈਆ ਪਾਰ ਲੱਗਣੀ ਹੈ। ਦੇਖਦੇ ਹਾਂ ਕਿ ਭਲਮਾਣਸੀ ਨਾਲ ਕਾਗਜ਼ ਵਾਪਸ ਆਉਂਦੇ ਨੇ ਕਿ ਜਾਂ ਫਿਰ ਆਪਾਂ ਨੂੰ ਵੀ 'ਸਰਦਾਰ ਜੀ' ਵਾਲਾ ਫਾਰਮੂਲਾ ਅਪਨਾਉਣਾ ਪਵੇਗਾ?
ਬੱਸ, ਇਹੀ ਸ਼ੁਕਰ ਕਰੀਦੈ ਕਿ ਜੇ ਗੁਰਦਾਸ ਮਾਨ ਨੇ "ਲੱਖ ਪ੍ਰਦੇਸੀ ਹੋਈਏ, ਆਪਣਾ ਦੇਸ਼ ਨੀਂ ਭੰਡੀਦਾ" ਗੀਤ ਨਾ ਗਾਇਆ ਹੁੰਦਾ ਤਾਂ ਮੈਂ ਦਫਤਰ ਵਾਲਿਆਂ ਨੂੰ ਐਨੀਆਂ ਨਾਨ-ਸਟਾਪ ਗਾਲ੍ਹਾਂ ਕੱਢਣੀਆਂ ਸੀ ਕਿ ਭਾਵੇਂ ਡਰੰਮਾਂ ਦੇ ਡਰੰਮ ਪਾਣੀ ਪੀ ਜਾਂਦੇ, ਹਿਚਕੀਆਂ ਨਹੀਂ ਸੀ ਹਟਣੀਆਂ!

No comments:

Post a Comment