ਸਕੇ ਪਿਉ 'ਤੇ ਵੀ ਯਕੀਨ ਨਾ ਕਰਨ ਦਾ ਨਾਂਅ ਹੈ "ਰਾਜਨੀਤੀ"

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਧੰਨ ਐਂ ਰਾਜਨੀਤੀਏ ਤੂੰ..... ਜਿਹੜੀ ਨੇਤਾਵਾਂ ਨੂੰ ਥੁੱਕ ਕੇ ਚੱਟਣਾ ਵੀ ਸਿਖਾ ਦਿੰਨੀ ਏਂ ਤੇ ਪਿਛਲੇ ਵੇਲਿਆਂ Ḕਚ ਕੀਤੇ ਕਾਰਿਆਂ ਨੂੰ ਭੁਲਾ ਵੀ ਦਿੰਨੀਂ ਏਂ। ਪਤਾ ਨਹੀਂ ਕੀ ਘੋਲ ਕੇ ਪਿਆਉਨੀਂ ਏਂ ਕਿ ਜਿਸ ਦਿਨ ਆਮ ਬੰਦਾ ਤੇਰੇ ਅਧਿਕਾਰ ਖੇਤਰ 'ਚ ਆ ਗਿਆ, ਓਹ ਬੰਦਾ ਨਹੀਂ ਰਹਿੰਦਾ ਸਗੋਂ 'ਨੇਤਾ' ਬਣ ਜਾਂਦੈ। ਬੰਦੇ ਤੇ ਨੇਤਾ ਦਾ ਫਰਕ ਵੀ ਸ਼ਾਇਦ ਓਨਾ ਕੁ ਹੀ ਹੁੰਦੈ ਜਿੰਨਾ ਇੱਕ ਜਿਉਂਦੀ ਜਾਗਦੀ ਜ਼ਮੀਰ ਵਾਲੇ ਤੇ ਇੱਕ ਮਰ ਚੁੱਕੀ ਜ਼ਮੀਰ ਵਾਲੇ ਸ਼ਰੀਰਾਂ ਵਿਚਕਾਰ। ਸ਼ਾਇਦ ਇਹ ਸਤਰਾਂ ਲਿਖਣ ਦਾ ਸਬੱਬ ਨਾ ਬਣਦਾ ਜੇ ਬੀਤੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਦਿਆਂ ਇੱਕ ਅਖਬਾਰ 'ਚ ਛਪਿਆ ਬਿਆਨ ਨਾ ਪੜ੍ਹਦਾ ਕਿ "ਬੇਰੁਜ਼ਗਾਰ ਨੌਜ਼ਵਾਨਾਂ ਨੂੰ ਵੀ ਆਪਣੀ ਗੱਲ ਕਹਿਣ ਦਾ ਹੱਕ-ਕੈਪਟਨ ਅਮਰਿੰਦਰ ਸਿੰਘ" ਇਸ ਤੋਂ ਅੱਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਾਹਿਬ, ਮੌਜੂਦਾ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਪੁੱਤਰ ਉਪ ਮੁੱਖ ਮੰਤਰੀ ਨੂੰ ਸ਼ਰਾਰਤੀ ਅਨਸਰ ਤੱਕ ਕਹਿ ਗਏ। ਨਾਲ ਹੀ ਇਹ ਵੀ ਕਿਹਾ ਕਿ ਅਕਾਲੀ ਵਰਕਰਾਂ ਵੱਲੋਂ ਬੇਰੁਜ਼ਗਾਰਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਇਸ ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਇਹ ਸ਼ਪੱਸਟ ਕਰ ਦੇਵਾਂ ਕਿ ਇਹਨਾਂ ਸ਼ਬਦਾਂ ਨੂੰ ਝਰੀਟਣ ਦਾ ਮੁੱਖ ਮਕਸਦ ਸਿਰਫ ਤੇ ਸਿਰਫ ਮਾਂਪਿਆਂ ਦੇ ਬੇਰੁਜ਼ਗਾਰ ਪੁੱਤਾਂ ਧੀਆਂ ਦੇ ਦਰਦ ਨੂੰ ਬਿਆਨ ਕਰਨਾ ਹੈ ਨਾ ਕਿ ਕਿਸੇ 'ਨੇਤਾ' ਸਾਹਿਬ ਦੇ 'ਛਿੱਟੇ' ਮਾਰਨਾ। ਕਿਉਂਕਿ ਇਹ ਕੰਮ ਕਰਨ ਵਾਲੇ ਹੋਰ ਬਥੇਰੇ ਹਨ। ਗੱਲ ਇੱਕ ਪਾਸੜ ਨਾ ਹੋ ਜਾਵੇ ਇਸ ਤੋਂ ਵੀ ਬਚਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਨਾ ਤਾਂ ਆਪਣੀਆਂ ਕੈਪਟਨ ਸਾਬ੍ਹ ਨਾਲ ਬੱਤਖਾਂ ਸਾਂਝੀਆਂ ਹਨ ਅਤੇ ਨਾ ਹੀ ਬਾਦਲ ਸਾਬ੍ਹ ਨਾਲ ਲੇਲੇ। ਉਮੀਦ ਹੈ ਕਿ ਤੁਸੀਂ ਵੀ ਨਿਰਪੱਖ ਜਿਹੇ ਹੋ ਕੇ ਸੋਚੋਗੇ ਕਿ ਕੀ ਸਹੀ ਹੈ ਤੇ ਕੀ ਗਲਤ।
ਇਸ ਛੋਟੇ ਜਿਹੇ ਅਤੇ ਕੋਈ ਖ਼ਾਸ ਅਹਿਮੀਅਤ ਨਾ ਰੱਖਦੇ ਬਿਆਨ ਨੂੰ ਬੇਵਜ੍ਹਾ ਅਹਿਮੀਅਤ ਦੇਣਾ ਵੈਸੇ ਤਾਂ "ਗਿੱਦੜਾਂ ਦਾ ਗੂੰਹ ਅਸਮਾਨੀਂ ਚੜ੍ਹਾਉਣ" ਵਾਲੀ ਗੱਲ ਹੈ ਪਰ ਕੈਪਟਨ ਸਾਹਿਬ ਦੇ ਬਿਆਨ ਨਾਲ ਓਹ ਦਿਨ ਯਾਦ ਆ ਗਏ ਜਿਹਨੀਂ ਦਿਨੀਂ ਉਹ ਵੀ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਰਾਜ਼ਮਾਨ ਸਨ। ਉਹਨੀਂ ਦਿਨੀਂ ਈ.ਟੀ.ਟੀ. ਬੇਰੁਜ਼ਗਾਰ ਅਧਿਆਪਕ ਯੂਨੀਅਨ ਵੀ ਬੇਹੱਦ ਸਰਗਰਮ ਸੀ। ਏਨੀ ਕੁ ਸਰਗਰਮ ਸੀ ਕਿ ਕੈਪਟਨ ਸਾਬ੍ਹ ਦਾ ਜਲਸਾ ਜਲੰਧਰ ਹੋਣਾ ਹੁੰਦਾ ਸੀ ਤੇ ਪਦੀੜਾਂ ਮੋਗੇ ਦੀ ਪੁਲਿਸ ਨੂੰ ਪਈਆਂ ਹੁੰਦੀਆਂ ਸਨ। ਈ.ਟੀ.ਟੀ. ਯੂਨੀਅਨ ਨੇ ਸਰਕਾਰੀ ਮਸ਼ੀਨਰੀ ਦੇ ਨੱਕ 'ਚ ਦਮ ਕੀਤਾ ਹੋਇਆ ਸੀ। ਕਿੱਧਰੇ ਮੰਤਰੀ ਖੁਸ਼ਹਾਲ ਬਹਿਲ ਦੇ ਪੁਤਲੇ ਫੂਕੇ ਜਾਂਦੇ ਸਨ, ਕਿੱਧਰੇ ਸੁਰਿੰਦਰ ਸਿੰਗਲਾ ਦੇ ਤੇ ਕਿੱਧਰੇ ਪੰਜਾਬ ਸਰਕਾਰ ਦੇ...! ਕਿੱਧਰੇ ਬੇਰੁਜ਼ਗਾਰ ਅਧਿਆਪਕ ਸ਼ਹਿਰਾਂ ਵਿੱਚ ਭੀਖ ਮੰਗ ਕੇ ਸਰਕਾਰ ਨੂੰ "ਸ਼ਰਮ ਕਰ" ਕਹਿ ਰਹੇ ਸਨ ਕਿੱਧਰੇ ਬੱਸ ਅੱਡਿਆਂ 'ਤੇ ਬੂਟ-ਪਾਲਿਸ਼ ਕਰ ਕੇ ਰੋਸ ਦਿਖਾਵਾ ਕਰ ਰਹੇ ਸਨ। ਗੱਲ ਉਹਨਾਂ ਦਿਨਾਂ ਦੀ ਕਰ ਰਿਹਾਂ ਜਦੋਂ ਕਾਂਗਰਸ ਦੀ ਸਰਕਾਰ ਸੀ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜਦੋਂ ਸਰਕਾਰ ਦੇ ਕੰਨੀਂ ਜੂੰ ਨਹੀਂ ਸੀ ਸਰਕੀ ਤਾਂ ਯੂਨੀਅਨ ਵੱਲੋਂ ਕਾਂਗਰਸ ਦੀ ਹਰ ਰੈਲੀ 'ਚ ਜਾ ਕੇ ਆਪਣੀ ਗੱਲ 'ਸੁਨਾਉਣ' ਦਾ ਇਹ ਢੰਗ ਚੁਣਿਆ ਸੀ ਜੋ ਹੁਣ ਹਰ ਬੇਰੁਜ਼ਗਾਰ ਯੂਨੀਅਨ ਨੇ ਅਪਣਾਇਆ ਹੋਇਆ ਹੈ। ਅੱਜ ਕੈਪਟਨ ਸਾਬ੍ਹ ਵੱਲੋਂ ਇਹ ਬਿਆਨ ਦੇਣਾ ਕਿ "ਬੇਰੁਜ਼ਗਾਰ ਨੌਜ਼ਵਾਨਾਂ ਨੂੰ ਵੀ ਆਪਣੀ ਗੱਲ ਕਹਿਣ ਦਾ ਹੱਕ" ਪੜ੍ਹਕੇ ਮੇਰੇ ਕੰਨ ਹੱਸੇ ਕਿ ਜਿਸ ਸੂਬੇ ਦਾ ਸਾਬਕਾ ਮੁੱਖ ਮੰਤਰੀ ਆਪਣੇ ਜਲਸੇ 'ਚ ਆਪਣੀ ਪਾਰਟੀ ਦੇ ਵਰਕਰਾਂ ਤੇ ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੀ ਦੁਰਗਤੀ ਅੱਖੀਂ ਦੇਖ ਕੇ ਹੁਣ ਇਹ ਬਿਆਨ ਦੇ ਰਿਹਾ ਹੋਵੇ ਤਾਂ ਇਹੀ ਕਿਹਾ ਜਾ ਸਕਦੈ ਕਿ ਜਾਂ ਤਾਂ ਕੈਪਟਨ ਸਾਬ੍ਹ ਦੀ ਯਾਦ ਸ਼ਕਤੀ ਕਮਜ਼ੋਰ ਹੋ ਗਈ ਹੈ ਜਾਂ ਫਿਰ ਲੋਕ ਹੀ ਐਨੇ ਉਜੱਡ ਹਨ ਕਿ ਉਹਨਾਂ ਨੂੰ ਜੋ ਮਰਜੀ ਅਖਬਾਰਾਂ ਰਾਹੀਂ ਪਰੋਸ ਦਿੱਤਾ ਜਾਵੇ "ਹਾਂਜੀ" ਕਹਿ ਕੇ ਡਕਾਰ ਲੈਂਦੇ ਹਨ। ਇਹ ਬਿਆਨ ਪੜ੍ਹਦਿਆਂ ਉਸ ਦਿਨ ਦਾ ਦ੍ਰਿਸ਼ ਅੱਖਾਂ ਮੂਹਰੇ ਘੁੰਮ ਗਿਆ ਜਿਸ ਦਿਨ ਅਕਾਲੀ ਦਲ (ਬ) 'ਚ ਬਣਦਾ ਮਾਨ-ਸਨਮਾਨ ਨਾ ਮਿਲਣ 'ਤੇ ਮੋਗਾ ਜਿਲ੍ਹੇ ਦੇ ਸੀਨੀਅਰ ਅਕਾਲੀ ਆਗੂ ਸ੍ਰ: ਗੁਰਦੇਵ ਸਿੰਘ ਸ਼ਾਂਤ ਦੇ ਸਪੁੱਤਰ ਮਾ: ਅਜੀਤ ਸਿੰਘ ਸ਼ਾਂਤ (ਮੌਜੂਦਾ ਵਿਧਾਇਕ ਨਿਹਾਲ ਸਿੰਘ ਵਾਲਾ) ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ ਤੇ ਨੀਲੀ ਪੱਗ ਨੂੰ ਤਿਲਾਂਜ਼ਲੀ ਦਿੱਤੀ ਸੀ। ਉਹਨਾਂ ਇਹ ਕਦਮ ਨਿਹਾਲ ਸਿੰਘ ਵਾਲਾ ਵਿਖੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਮਦ 'ਤੇ ਹੀ ਚੁੱਕਿਆ ਸੀ। ਮੈਂ ਖੁਦ ਵੀ ਉਸ ਸਮੇਂ ਪੱਤਰਕਾਰਾਂ ਲਈ ਬਣਾਏ ਘੇਰੇ 'ਚ ਬੈਠਾ ਸਾਂ ਜਿਉਂ ਹੀ ਕੈਪਟਨ ਸਾਬ੍ਹ ਬੋਲਣ ਲੱਗੇ ਤਾਂ ਬੇਰੁਜ਼ਗਾਰ ਅਧਿਆਪਕਾਂ ਨੇ ਨਾਅਰੇ 'ਬੁਲੰਦ' ਕਰ ਦਿੱਤੇ ਸਨ। ਫਿਰ ਓਹੀ ਹੋਇਆ ਸੀ ਜੋ ਬੀਤੇ ਦਿਨੀਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ 'ਮਿਲਣ' ਗਏ ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਤੇ ਅਧਿਆਪਕਾਵਾਂ ਨਾਲ ਹੋਇਆ ਸੀ। ਜਿਸ ਤਰ੍ਹਾਂ ਹੁਣ ਬੇਰੁਜ਼ਗਾਰਾਂ ਦੀ 'ਸੇਵਾ' ਅਕਾਲੀ ਵਰਕਰ ਕਰਨਾ ਆਪਣਾ ਪਰਮ ਧਰਮ ਸਮਝ ਰਹੇ ਹਨ ਉਦੋਂ ਇਹੀ ਪਰਮ ਧਰਮ ਕਾਂਗਰਸੀ ਵਰਕਰਾਂ ਨੇ ਵੀ ਬਾਖੂਬੀ ਨਿਭਾਇਆ ਸੀ। ਜਿਸ ਤਰ੍ਹਾਂ ਬੀਤੇ ਦਿਨੀਂ ਬੀਬੀ ਹਰਸਿਮਰਤ ਬਾਦਲ ਅੱਗੇ ਆਪਣੇ ਆਪ ਨੂੰ 'ਵੱਡਾ ਵਫਾਦਾਰ' ਦਿਖਾਉਣ ਦੀ ਦੌੜ 'ਚ ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਕਚੀਚੀ ਵੱਟ ਕੇ ਅਧਿਆਪਕਾਂ ਦੇ ਮੌਰ ਭੰਨ੍ਹਣ 'ਚ ਰੁੱਝੇ ਤਸਵੀਰਾਂ ਜਾਂ ਟੀ. ਵੀ. ਚੈਨਲਾਂ ਰਾਹੀਂ ਸਭ ਨੇ ਦੇਖੇ ਸਨ ਓਵੇਂ ਹੀ ਓਸ ਵੇਲੇ ਰਾਜਾ ਸਾਹਿਬ ਦੀ ਨਜ਼ਰ 'ਚ ਵਫਾਦਾਰ ਦਿਖਣ 'ਚ ਕਾਗਰਸੀਆਂ ਵੀ ਕਸਰ ਨਹੀਂ ਸੀ ਛੱਡੀ। ਨਕਸੀਰਾਂ ਛੁੱਟੀਆਂ ਸਨ, ਮੁੱਕੀਆਂ ਵੱਜਣ ਨਾਲ ਬੁੱਲ੍ਹ ਸੁੱਜੇ ਹੋਏ ਸਨ ਅਧਿਆਪਕਾਂ ਦੇ...! ਉਸ ਕੈਪਟਨ ਸਾਬ੍ਹ ਜੀ ਲਈ ਦੱਸ ਦੇਵਾਂ ਕਿ ਉਸ ਦਿਨ ਵੀ ਬੇਰੁਜ਼ਗਾਰ ਅਧਿਆਪਕ ਆਪਣੇ ਹੱਕ ਮੰਗ ਰਹੇ ਸਨ। ਅੱਜ ਰਾਜਾ ਸਾਹਿਬ ਦਾ ਬਿਆਨ ਪੜ੍ਹ ਕੇ ਉਹਨਾਂ ਦੀ ਰਾਮਪੁਰਾ ਰੈਲੀ ਦੀ ਯਾਦ ਵੀ ਆ ਗਈ ਜਿਸ ਵਿੱਚ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਹਰਾ ਕੇ ਵਿਧਾਇਕ ਬਣੇ ਗੁਰਪ੍ਰੀਤ ਸਿੰਘ ਕਾਂਗੜ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਕੈਪਟਨ ਸਾਹਿਬ ਪਹੁੰਚੇ ਸਨ। ਉਸ ਰੈਲੀ ਵਿੱਚ ਮੈਂ ਖੁਦ ਇੱਕ ਬੇਰੁਜ਼ਗਾਰ ਅਧਿਆਪਕ ਵਜ਼ੋਂ ਸ਼ਾਮਿਲ ਸੀ। ਓਥੇ ਵੀ ਕਾਗਰਸੀ ਵਰਕਰਾਂ ਤੇ ਪੁਲਿਸ ਦੇ ਗਠਜੋੜ ਨੇ ਅਧਿਆਪਕਾਂ ਦੀ 'ਸੇਵਾ' ਕੀਤੀ ਸੀ ਅੱਖਾਂ ਸਾਹਮੇਂ ਜਿਉਂ ਦੀ ਤਿਉਂ ਘੁੰਮਦੀ ਹੈ। ਮੁਜਾਹਰਾਕਾਰੀ ਅਧਿਆਪਕਾਂ ਨੂੰ ਕਾਂਗਰਸੀ ਵਰਕਰ ਖੁਦ 'ਸੇਵਾ' ਕਰ ਕੇ ਪੁਲਿਸ ਦੇ ਕੈਂਟਰਾਂ ਵਿੱਚ ਕੱਟਿਆਂ ਵਾਂਗ ਲੱਦ ਰਹੇ ਸਨ। ਉਸ ਰੈਲੀ ਵਿੱਚ ਵੀ ਬੇਰੁਜ਼ਗਾਰ ਨੌਜ਼ਵਾਨ ਆਪਣੇ ਹੱਕ ਮੰਗ ਰਹੇ ਸਨ। ਪਰ ਕੀ ਮਿਲਿਆ ਸੀ.... ਛਿੱਤਰ ਪ੍ਰੇਡ.. ਓਹ ਵੀ ਆਪਣੇ ਹੀ ਭਰਾਵਾਂ ਹੱਥੋਂ...। ਉਹਨਾਂ ਭਰਾਵਾਂ ਹੱਥੋਂ ਜੋ ਆਪਣੇ ਰਾਜਸੀ ਆਕਾ ਦੀ ਨਜ਼ਰ 'ਚ ਵਧੇਰੇ 'ਵਫਾਦਾਰ' ਬਨਣ ਦੀ ਚਾਹ 'ਚ ਸਨ। ਇਹੀ ਕੁਝ ਉਦੋਂ ਵਾਪਰਿਆ ਸੀ ਤੇ ਇਹੀ ਕੁਝ ਹੁਣ ਵਾਪਰਿਆ ਹੈ। ਬਦਲਿਆ ਤਾਂ ਕੁਝ ਵੀ ਨਹੀਂ.. ਸਿਰਫ ਪੱਗ ਦਾ ਰੰਗ ਬਦਲਿਆ ਹੈ, ਮੁੱਖ ਮੰਤਰੀ ਦੀ ਕੁਰਸੀ ਉੱਪਰ ਬੈਠਣ ਵਾਲਾ ਚਿਹਰਾ ਬਦਲਿਆ ਹੈ। ਨੀਤੀਆਂ, ਕੁੱਟਣ ਦੇ ਅੰਦਾਜ਼ ਤਾਂ ਓਹੀ ਸਨ, ਓਹੀ ਹਨ ਤੇ ਓਹੀ ਰਹਿਣਗੇ। ਹੁਣ ਅੰਦਰ ਦੀ ਗੱਲ ਸੁਣਾਵਾਂ... ਪਿਛਲੀ ਕਾਂਗਰਸ ਸਰਕਾਰ ਵੱਲੋਂ ਈ.ਟੀ.ਟੀ. ਬੇਰੁਜ਼ਗਾਰ ਅਧਿਆਪਕ ਯੁਨੀਅਨ ਅਤੇ ਬੀ.ਐੱਡ. ਬੇਰੁਜ਼ਗਾਰ ਅਧਿਆਪਕ ਫਰੰਟ ਦੇ ਸੰਘਰਸ਼ ਨੂੰ ਮੱਠਾ ਕਰਨ ਲਈ ਸਰਕਾਰੀ ਤੰਤਰ ਅਤੇ ਵਫਾਦਾਰ ਪਿੱਠੂਆਂ ਜ਼ਰੀਏ ਕਾਫੀ 'ਸੇਵਾ' ਕੀਤੀ ਗਈ ਸੀ। ਬੇਰੁਜ਼ਗਾਰ ਅਧਿਆਪਕਾਂ ਦੀ ਕਾਂਗਰਸ ਸਰਕਾਰ ਨਾਲ ਨਾਰਾਜ਼ਗੀ ਦਾ ਲਾਹਾ ਲੈਂਦਿਆਂ ਬਾਦਲ ਸਾਬ੍ਹ ਨੇ ਬੀ.ਐੱਡ. ਫਰੰਟ ਵਾਲਿਆਂ ਨੂੰ ਇਸ ਗੱਲ ਲਈ ਰਾਜ਼ੀ ਕਰ ਲਿਆ ਕਿ ਜੇ ਉਹ ਪਿਛਲੀਆਂ ਚੋਣਾਂ 'ਚ ਅਕਾਲੀ ਉਮੀਦਵਾਰਾਂ ਦਾ ਸਾਥ ਦਿੰਦੇ ਹਨ ਤਾਂ ਅਕਾਲੀ ਸਰਕਾਰ ਬਣਨ 'ਤੇ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਬੇਰੁਜ਼ਗਾਰ 'ਅਧਿਆਪਕ' ਕਈ ਅਨਪੜ੍ਹ ਤੇ ਅੰਨਪਾੜ ਉਮੀਦਵਾਰਾਂ ਨਾਲ ਫੋਟੋਆਂ ਖਿਚਵਾ ਕੇ ਅਖਬਾਰਾਂ 'ਚ ਸਮਰਥਨ ਦੇਣ ਦੀ ਖ਼ਬਰਾਂ ਛਪਵਾਉਂਦੇ ਮੈਂ ਖੁਦ ਦੇਖੇ ਸਨ। ਖੁਦ ਇੱਕ ਬੇਰੁਜ਼ਗਾਰ ਅਧਿਆਪਕ ਹੋਣ ਕਰਕੇ ਅਤੇ ਇਸ ਫੇਸਲੇ ਨੂੰ ਉਚਿਤ ਨਾ ਸਮਝਦਿਆਂ ਮੈਂ ਆਪਣੀ ਮਿੱਤਰ ਮੰਡਲੀ ਨਾਲ ਇਸ ਬਾਰੇ ਰੋਸ ਵੀ ਜ਼ਾਹਿਰ ਕੀਤਾ ਸੀ ਪਰ ਸਭ ਨੇਤਾਵਾਂ ਦੇ ਬਿਆਨਾਂ 'ਤੇ ਅੱਖਾਂ ਮੀਚ ਕੇ ਯਕੀਨ ਕਰੀ ਬੈਠੇ ਸਨ। ਚੋਣ ਦੰਗਲ ਭਖਿਆ ਤਾਂ ਕਾਂਗਰਸ ਵੱਲੋਂ ਕੁੱਟੇ ਅਧਿਆਪਕਾਂ ਦੀਆਂ ਤਸਵੀਰਾਂ ਵਾਲੇ ਬੈਨਰ ਪਿੰਡ ਪਿੰਡ ਲੋਕਾਂ ਨੂੰ ਕਾਂਗਰਸ ਦੀਆਂ ਕਰਤੂਤਾਂ ਦਿਖਾ ਰਹੇ ਸਨ। ਇਹ ਬੈਨਰ ਕਿਸ ਨੇ ਛਪਵਾ ਕੇ ਦਿੱਤੇ ਹੋਣਗੇ...ਇਹ ਗੱਲ ਹਰ ਸਿਆਣਾ ਪਾਠਕ ਭਲੀ ਭਾਤ ਜਾਣਦਾ ਹੋਵੇਗਾ। ਚੋਣ ਨਤੀਜ਼ੇ ਆਏ, ਅਕਾਲੀ ਦਲ (ਬ) ਵਜਾਰਤ 'ਚ ਆ ਗਿਆ ਪਰ ਬੀ.ਐੱਡ. ਬੇਰੁਜ਼ਗਾਰ ਅਧਿਆਪਕ ਫਰੰਟ ਵਾਲੇ ਫਿਰ ਬਿਆਨ ਦੇ ਰਹੇ ਸਨ ਕਿ ਅਕਾਲੀ ਸਰਕਾਰ ਦਾ ਪੁਤਲਾ ਫੁਕਿਆ ਜਾਵੇਗਾ। ਉਸ ਦਿਨ ਹੋਰ ਵੀ ਵਧੇਰੇ ਦੁੱਖ ਹੋਇਆ ਸੀ ਕਿ ਕਿਵੇਂ 'ਪੜ੍ਹੇ ਲਿਖਿਆਂ' ਨੂੰ 'ਲਿਖਿਆਂ ਪੂੰਝਿਆਂ' ਨੇ ਚੂਪ ਕੇ ਸੁੱਟੇ ਅੰਬ ਵਾਂਗ ਵਗਾਹ ਕੇ ਪਰ੍ਹੇ ਮਾਰਿਆ ਸੀ। ਹੁਣ ਵਾਂਗ ਉਦੋਂ ਵੀ ਬਥੇਰੀਆਂ ਅਧਿਆਪਕਾਵਾਂ ਦੀਆਂ ਚੁੰਨੀਆਂ ਲੀਰੋ ਲੀਰ ਹੋਈਆਂ ਸਨ, ਬਥੇਰੇ ਮੁੰਡਿਆਂ ਦੀਆਂ ਪੱਗਾਂ ਲੱਥੀਆਂ ਸਨ ਪਰ ਕਿਸੇ ਵੀ ਅਖੌਤੀ ਪੰਥਕ ਆਗੂ ਨੇ 'ਦਸਤਾਰ ਬੇਅਦਬੀ' ਬਾਰੇ ਅਕਾਲੀ ਜਾਂ ਕਾਂਗਰਸ ਸਰਕਾਰ ਖਿਲਾਫ ਬਿਆਨ ਨਹੀਂ ਸੀ ਦਿੱਤਾ। ਕਿਉਂ ਕਿਉਂ ਕਿਉਂ? ਅਜਿਹੇ ਦੋਗਲੇ ਮਾਪਦੰਡ ਕਿਉਂ? ਜਿਹੜੀਆਂ ਪੱਗਾਂ ਅਕਾਲੀਆਂ ਨੇ ਰੋਲੀਆਂ ਜਾਂ ਕਾਂਗਰਸੀਆਂ ਨੇ ਢਾਹੀਆਂ ਕੀ ਉਹ ਏਅਰਪੋਰਟਾਂ 'ਤੇ ਤਲਾਸ਼ੀ ਦੇ ਨਾਂਅ 'ਤੇ ਲਹਿੰਦੀਆਂ ਪੱਗਾਂ ਨਾਲੋਂ ਵੱਖਰੀਆਂ ਸਨ ਜਾਂ ਹਨ? ਉਹੀ ਅਮਲ ਹੁਣ ਫੇਰ ਵਾਪਰੇਗਾ। ਹੁਣ ਅਕਾਲੀ ਅਧਿਆਪਕਾਂ ਜਾਂ ਹੋਰ ਬੇਰੁਜ਼ਗਾਰਾਂ ਦੀ 'ਸੇਵਾ' ਕਰਨਗੇ, ਸੇਵਾ ਕਰਦਿਆਂ ਦੀਆਂ ਦਰਦਨਾਕ ਤਸਵੀਰਾਂ ਦੇ ਬੈਨਰ ਫੇਰ ਛਪਣਗੇ.. ਫਿਰ ਕਾਗਰਸੀ ਵਾਅਦੇ ਕਰਨਗੇ..ਫਿਰ ਭੁੱਲ ਜਾਣਗੇ ਤੇ ਫਿਰ ਓਹੀ ਛਿਤਰੌਲ ਫਿਰੂਗਾ। ਜੇ ਤੁਹਾਡੇ ਕੋਲ ਇਸ ਸਵਾਲ ਦਾ ਜਵਾਬ ਹੋਇਆ ਤਾਂ ਜਰੂਰ ਦੱਸਣਾ ਕਿ ਨੇਤਾ ਲੋਕ ਆਪਣਾ ਹੀ ਥੁੱਕਿਆ ਹੋਇਆ ਕਦੋਂ ਚੱਟਣੋਂ ਹਟਣਗੇ? ਵਿਰ ਵਿਰ ਕਰਕੇ ਹੱਕ ਮੰਗਣ ਵਾਂਲਿਆਂ ਨੂੰ ਹੱਕ ਕਿਵੇਂ ਮਿਲਣਗੇ? ਪੰਜਾਬ 'ਚ ਲਿਆਕਤ ਦਾ ਮੁੱਲ ਕਦੋਂ ਪੈਣ ਲੱਗੇਗਾ? ਕੀ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਵਿਦੇਸ਼ੀ 'ਦੌਰਿਆਂ' 'ਤੇ ਆਉਂਦੇ ਸਾਡੇ ਪਿਆਰੇ ਪੰਜਾਬ ਦੇ ਕਿਸੇ ਨੇਤਾ ਜੀ ਨੂੰ ਪੁੱਛਣ ਦੀ ਹਿੰਮਤ ਕਰਾਂਗੇ ਜਾਂ ਫਿਰ ਫੁੱਲਾਂ ਵਾਲੇ ਹਾਰ ਲੈ ਕੇ ਏਅਰਪੋਰਟ 'ਤੇ ਜੀ ਆਇਆਂ ਕਹਿਣ ਗਿਆਂ ਦੀਆਂ ਫੋਟੋਆਂ ਅਖਬਾਰਾਂ 'ਚ ਛਪਵਾ ਕੇ ਨਿੱਜੀ ਹਿਤਾਂ ਦੀ ਪੂਰਤੀ ਕਰਵਾਉਣ ਦੀ ਸੋਚ ਹੀ ਧਾਰੀ ਰੱਖਾਂਗੇ?

No comments:

Post a Comment