ਭਗਤ ਸਿਆਂ! ਐਤਕੀਂ ਤਾਂ ਤੈਨੂੰ ਤੇਰੇ 'ਆਪਣਿਆਂ' ਨੇ 23 ਮਾਰਚ ਤੋਂ 17 ਦਿਨ ਪਹਿਲਾਂ ਹੀ ਫਾਂਸੀ 'ਤੇ ਟੰਗਤਾ....।

(23 ਮਾਰਚ 2012 'ਤੇ ਵਿਸ਼ੇਸ਼)
ਲਿਖਤੁਮ,
ਤੇਰਾ ਪੋਤਰਿਆਂ ਵਰਗਾ ਛੋਟਾ ਵੀਰ।
ਪੜ੍ਹਤੁਮ,
ਦੇਸ਼ ਦੇ ਲੋਕਾਂ ਲਈ ਫਾਂਸੀ ਦੇ ਫ਼ੰਦੇ 'ਤੇ ਝੂਟ ਜਾਣ ਵਾਲਾ ਪਰਮਗੁਣੀ ਸ਼ਹੀਦ ਭਗਤ ਸਿੰਘ।
ਪਿਆਰੇ ਵੀਰ, ਅੱਜ ਤੂੰ ਵੀ ਆਪਣੀ ਸ਼ਹਾਦਤ 'ਤੇ ਪਛਤਾਵਾ ਕਰਨ ਲਈ ਮਜ਼ਬੂਰ ਹੋ ਗਿਆ ਹੋਵੇਂਗਾ। ਕਿਉਂਕਿ ਜਿਹੜੇ ਲੋਕਾਂ ਨੂੰ ਸਮਾਜਿਕ, ਆਰਥਿਕ ਪੱਖੋਂ ਖੁਸ਼ਹਾਲ ਅਤੇ ਰਾਜਨੀਤਕ ਪੱਖੋਂ ਸਿਆਣੇ ਦੇਖਣ ਲਈ ਆਪਾ ਤੱਕ ਕੁਰਬਾਨ ਕਰ ਦਿੱਤਾ ਸੀ, ਉਹ ਲੋਕ ਤਾਂ ਤੇਰੀ ਸਰੀਰਕ ਤੌਰ 'ਤੇ ਹੋਈ ਮੌਤ ਤੋਂ 81 ਸਾਲ ਬਾਦ ਵੀ ਉੱਥੇ ਹੀ ਖੜ੍ਹੇ ਹਨ ਜਿੱਥੇ ਤੂੰ ਛੱਡ ਕੇ ਗਿਆ ਸੀ। ਉਹ ਤਾਂ 81 ਸਾਲ ਬਾਦ ਤੇਰੀ ਕੁਰਬਾਨੀ ਦਾ ਅਖੌਤੀ ਮੁੱਲ ਪਾਉਣ ਦੇ ਨਾਂ 'ਤੇ ਜ਼ਾਰੀ ਕਰਨ ਵਾਲੇ ਸਿੱਕੇ ਉੱਪਰ ਟੋਪੀ ਵਾਲੀ ਜਾਂ ਪੱਗ ਵਾਲੀ ਫੋਟੋ ਲਾਉਣ ਜਾਂ ਹਟਾਉਣ ਮਗਰ ਹੀ ਇੱਕ ਦੂਜਿਆਂ ਦੇ ਝੱਗੇ ਪਾੜ ਰਹੇ ਹਨ। ਉਹ ਤਾਂ ਤੇਰੀ ਕੁਰਬਾਨੀ ਤੋਂ ਇਹ ਸਬਕ ਵੀ ਨਹੀਂ ਲੈ ਸਕੇ ਕਿ ਭਗਤ ਸਿੰਘ ਨਾ ਤਾਂ ਧਰਮ ਦੀਆਂ ਵਲਗਣਾਂ 'ਚ ਕੈਦ ਸੀ ਤੇ ਨਾ ਹੀ ਕਿਸੇ ਵਿਸ਼ੇਸ਼ ਪਹਿਰਾਵੇ ਦਾ ਮੁਹਤਾਜ਼ ਸੀ। ਨਾ ਹੀ ਭਗਤ ਸਿੰਘ ਨੇ ਆਪਣੇ ਜ਼ਜ਼ਬੇ ਦਾ ਮੁੱਲ ਉਸਦੀ ਯਾਦ ਵਿੱਚ ਡਾਕ ਟਿਕਟਾਂ ਜ਼ਾਰੀ ਕਰਨ ਦੇ ਢਕਵੰਜ ਵਜ਼ੋਂ ਚਾਹਿਆ ਸੀ। ਨਾ ਹੀ ਉਸਨੂੰ ਕਿਸੇ ਸਿੱਕੇ 'ਤੇ ਆਵਦੀ ਫੋਟੋ ਲਗਵਾਉਣ ਦਾ ਚਾਅ ਸੀ। ਉਹ ਇਹ ਨਹੀਂ ਸਮਝ ਸਕੇ ਕਿ ਭਗਤ ਸਿੰਘ ਤਾਂ ਉਸ ਵਿਸ਼ਾਲ ਸੋਚ ਦਾ ਨਾਂ 'ਹੈ' ਜਿਸਦੇ ਪਸਾਰੇ ਅਤੇ ਅਮਲ ਵਿੱਚ ਆਉਣ ਨਾਲ ਨਾਲ ਉਹਨਾਂ ਚੁੱਲ੍ਹਿਆਂ ਵਿੱਚ ਵੀ ਅੱਗ ਬਲ ਸਕਦੀ ਹੈ ਜਿਹਨਾਂ ਵਿੱਚ ਬੇਕਾਰੀ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਂਦਿਆਂ ਘਾਹ ਉੱਗੇ ਨੂੰ ਵੀ ਮੁੱਦਤਾਂ ਬੀਤ ਗਈਆਂ ਹੋਣ।
ਵੀਰ ਮੇਰਿਆ! ਹੁਣੇ ਹੁਣੇ ਆਏ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਦੇਖਕੇ ਇੱਕ ਵਾਰ ਫਿਰ ਤੇਰੇ ਅੱਗੇ ਮਨ ਹੌਲਾ ਕਰਨ ਨੂੰ ਜੀਅ ਕਰ ਆਇਐ। ਤੈਨੂੰ ਯਾਦ ਹੋਣੈ ਕਿ ਮੈਂ 23 ਮਾਰਚ 2011 ਨੂੰ ਵੀ 'ਪਰਮਗੁਣੀ ਭਗਤ ਸਿੰਘ ਨਾਲ ਚਿੱਠੀ ਰਾਹੀਂ ਕੁਝ ਗੱਲਾਂ।' ਸਿਰਲੇਖ ਵਾਲੀ ਚਿੱਠੀ ਭੇਜੀ ਸੀ। ਉਸ ਵਿੱਚ ਵੀ ਮੈਂ ਤੇਰੇ ਅੱਗੇ ਇਹੀ ਖਦਸ਼ਾ ਜਾਹਿਰ ਕੀਤਾ ਸੀ ਕਿ ਮਨਪ੍ਰੀਤ ਸਿੰਘ ਬਾਦਲ ਦੀ ਨਵੀਂ ਪਾਰਟੀ ਪੀਪਲਜ਼ ਪਾਰਟੀ ਆਫ਼ ਪੰਜਾਬ ਤੇਰੇ ਪਰਿਵਾਰ ਦੇ ਕਿਸੇ ਜੀਅ ਨੂੰ ਚੋਣ ਮੈਦਾਨ ਵਿੱਚ ਉਤਾਰੇਗੀ। ਮੈਂ ਤੈਨੂੰ ਉਸੇ ਚਿੱਠੀ 'ਚ ਇਹ ਵੀ ਕਿਹਾ ਸੀ ਕਿ ਜੇ ਤੇਰਾ ਪਰਿਵਾਰਕ ਮੈਂਬਰ ਜਿੱਤ ਗਿਆ ਤਾਂ ਉਹ ਜਿੱਤ ਉਸ ਪਾਰਟੀ ਦੀ ਹੋਵੇਗੀ ਪਰ ਜੇ ਹਾਰ ਗਿਆ ਤਾਂ ਉਹ ਹਾਰ ਯਕੀਨਨ ਤੇਰੀ ਹਾਰ ਹੋਵੇਗੀ। ਭਗਤ ਸਿਆਂ! ਉਹੀ ਹੋਇਆ ਜਿਸਦਾ ਡਰ ਸੀ.... ਅਭੈ ਸੰਧੂ ਹਾਰ ਗਿਐ। ਅੱਜ ਪੀ ਪੀ ਪੀ ਦਾ ਉਮੀਦਵਾਰ ਨਹੀਂ ਹਾਰਿਆ ਸਗੋਂ ਭਗਤ ਸਿੰਘ ਦੇ ਪਰਿਵਾਰ ਦਾ ਅੰਸ਼ ਅਭੈ ਸੰਧੂ ਹਾਰਿਐ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੋਈ ਵੀ ਪਾਰਟੀ ਸਰਕਾਰ ਬਣਾ ਲੈਂਦੀ.. ਕੋਈ ਲਾਕਾ-ਦੇਕਾ ਨਹੀਂ ਸੀ ਪਰ ਤੇਰੀ ਜਨਮ ਭੂਮੀ ਤੋਂ ਸਹੁੰ ਖਾ ਕੇ ਤੁਰੇ ਲੋਕਾਂ ਨੇ ਤੇਰੇ ਪਰਿਵਾਰ ਸਿਰ ਓਹ ਤਾਜ਼ ਨਹੀਂ ਪਹਿਨਾਇਆ ਜਿਸ ਨੂੰ ਰਾਜਨੀਤਕ ਲੋਕ 'ਜਿੱਤ' ਕਹਿੰਦੇ ਹਨ। ਅਭੈ ਸੰਧੂ ਦੀ ਹਾਰ ਬੇਸ਼ੱਕ ਬੇਗੈਰਤ ਲੋਕਾਂ ਲਈ ਸਿਰਫ 'ਹਾਰ' ਹੀ ਹੋਵੇ ਪਰ ਭਗਤ ਸਿਆਂ! ਇਹ ਹਾਰ ਸਿਰਫ ਹਾਰ ਨਾ ਰਹਿ ਕੇ ਤੇਰੀ ਕੁਰਬਾਨੀ ਦੀ ਹਾਰ ਹੋਈ ਹੈ। ਜਿਹੜੇ ਲੋਕਾਂ ਲਈ ਤੂੰ ਫਾਂਸੀ 'ਤੇ ਝੂਟਣ ਲੱਗੇ ਨੇ ਵੀ ਫੋਰਾ ਨਹੀਂ ਲਾਇਆ, ਉਹ ਹੁਣ ਸੌ ਗੰਢਾ ਵੀ ਖਾਣ ਸਿੱਖ ਗਏ ਨੇ ਤੇ ਸੌ ਛਿੱਤਰ ਵੀ..। ਅਭੈ ਸੰਧੂ ਦੀ ਹਾਰ ਦਾ ਦੁੱਖ ਤਾਂ ਇੱਕ ਪਾਸੇ ਰਿਹਾ, ਹੁਣ ਇਸ ਗੱਲ ਨੂੰ ਵੀ ਵਿਸ਼ੇਸ਼ ਤਵੱਜ਼ੋਂ ਦੇਣੀ ਬਣਦੀ ਹੈ ਕਿ ਦੂਜੇ ਮੌਕਾਪ੍ਰਸਤ ਨੇਤਾਵਾਂ ਅਤੇ ਅਭੈ ਵਿੱਚ ਕਿੰਨਾ ਕੁ ਅੰਤਰ ਹੋਵੇਗਾ। ਜੇ ਤਾਂ ਅਭੈ ਹਾਰ ਤੋਂ ਬਾਦ ਵੀ ਆਪਣੇ ਲੋਕਾਂ ਦੇ ਦੁੱਖਾਂ ਤਕਲੀਫਾਂ ਵਿੱਚ ਭਾਗੀਦਾਰ ਬਣ ਕੇ ਵਿੱਚਰਗੇ ਤਾਂ ਸਮਝਿਆ ਜਾਵੇਗਾ ਕਿ ਉਹ ਕਿਸੇ ਜ਼ਜ਼ਬੇ ਤਹਿਤ ਹੀ ਚੋਣ ਮੈਦਾਨ ਵਿੱਚ ਸੀ... ਸਮਾਜਿਕ, ਆਰਥਿਕ, ਰਾਜਨੀਤਕ ਤਬਦੀਲੀ ਲਈ ਸ਼ਹੀਦ ਭਗਤ ਸਿੰਘ ਨਗਰ ਤੋਂ ਚੋਣ ਲੜਿਆ ਸੀ। ਜੇ ਉਹ ਵੀ ਇਸ ਹਾਰ ਤੋਂ ਬਾਦ ਦੂਜਿਆਂ ਵਾਂਗ ਲੋਕਾਂ ਤੋਂ ਕਿਨਾਰਾਕਸ਼ੀ ਕਰ ਗਿਆ ਤਾਂ ਇਹੀ ਸਮਝਿਆ ਜਾਵੇਗਾ ਕਿ....। ਵੀਰ ਭਗਤ ਸਿਆਂ! ਤੈਨੂੰ ਵੀ ਯਾਦ ਸੀ ਕਿ ਤੈਨੂੰ ਮੁਕੱਰਰ ਦਿਨ 'ਤੇ ਫਾਂਸੀ ਦੇ ਦਿੱਤੀ ਜਾਣੀ ਹੈ। ਉਹ ਗੋਰਿਆਂ ਦੀ ਘਬਰਾਹਟ ਸੀ ਕਿ ਉਹਨਾਂ ਲੋਕ ਰੋਹ ਨੂੰ ਭਾਂਪਦਿਆਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਨਾਮੀ 'ਸੋਚ' ਨੂੰ ਜਿੰਨੀ ਜਲਦੀ ਹੋ ਸਕੇ ਕਿਉਂਟਣਾ ਚਾਹਿਆ ਸੀ। ਪਰ ਫਿਰ ਵੀ 23 ਮਾਰਚ ਤੇਰੇ ਸ਼ਹੀਦੀ ਦਿਨ ਵਜ਼ੋਂ ਇਤਿਹਾਸ ਦੇ ਪੰਨਿਆਂ 'ਤੇ ਉੱਕਰਿਆ ਗਿਆ ਸੀ। ਉਹ ਤਾਂ ਪਰਾਏ ਸੀ, ਸੱਤ ਬੇਗਾਨਿਆਂ ਤੋਂ ਵੀ ਦੂਰ ਦੇ ਬੇਗਾਨੇ ਸਨ ਜਿਹਨਾਂ ਨੇ ਤੈਨੂੰ ਫਾਂਸੀ ਟੰਗਿਆ ਸੀ ਪਰ ਵੀਰ ਮੇਰਿਆ! ਹੁਣ ਤਾਂ ਤੈਨੂੰ ਤੇਰੇ 'ਆਪਣਿਆਂ' ਨੇ ਹੀ ਖੁਦ ਫਾਂਸੀ 'ਤੇ ਟੰਗ ਦਿੱਤੈ। ਸਿਰਫ ਟੰਗਿਆ ਹੀ ਨਹੀਂ ਸਗੋਂ ਇਤਿਹਾਸ ਨੂੰ ਪੁੱਠਾ ਗੇੜਾ ਵੀ ਦੇ ਦਿੱਤੈ। ਕਿਉਂਕਿ ਫਿਰ ਵੀ ਸਬਰ ਕਰ ਲਿਆ ਜਾਂਦਾ ਜੇ ਤੈਨੂੰ ਤੇਰੇ 'ਆਪਣਿਆਂ' ਵੱਲੋਂ 'ਦੂਸਰੀ ਵਾਰ' 23 ਮਾਰਚ ਨੂੰ ਹੀ ਫਾਂਸੀ ਦਿੱਤੀ ਜਾਂਦੀ ਪਰ ਦੁੱਖ ਇਸੇ ਗੱਲ ਦਾ ਮਾਰਦਾ ਹੈ ਕਿ ਤੈਨੂੰ ਤੇਰੇ ਸ਼ਹੀਦੀ ਦਿਨ ਤੋਂ 17 ਦਿਨ ਪਹਿਲਾਂ 6 ਮਾਰਚ 2012 ਨੂੰ ਅਭੈ ਸੰਧੂ ਦੀ ਹਾਰ ਰੂਪੀ ਫਾਂਸੀ ਦਿੱਤੀ ਗਈ ਹੈ। ਵੀਰ ਮੇਰਿਆ! ਠੰਡੇ ਮਨ ਨਾਲ ਸੋਚੀਂ ਕਿ ਤੇਰਾ ਲੋਕਾਂ ਲਈ ਖੁਦ ਫਾਂਸੀ ਦੇ ਰਾਹ ਤੁਰਨ ਦਾ ਫੈਸਲਾ ਸਹੀ ਜਾਂ ਫਿਰ ਅਭੈ ਸੰਧੂ ਦਾ ਚੋਣ ਲੜ੍ਹਨ ਦਾ....?
ਭੁੱਲ ਚੁੱਕ ਦੀ ਮਾਫੀ,
ਤੇਰਾ ਆਪਣਾ... ਮਨਦੀਪ ਖੁਰਮੀ ਹਿੰਮਤਪੁਰਾ।

No comments:

Post a Comment