ਮੈਂ, ਸਕੂਲ ਵਾਲੀ ਮਟੀ ਅਤੇ ਛੈਣੇ ਵਜਾਉਂਦੀਆਂ ਕਲਾਕਾਰ ਭੂਤਾਂ.....!

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਮੋਬਾ:- 0044 75191 12312

ਮੈਨੂੰ ਆਪਣੇ ਹੀ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਇੱਕ ਅਧਿਆਪਕ ਵਜੋਂ ਸੇਵਾ ਕਰਨ ਦਾ ਕੁਝ ਕੁ ਅਰਸਾ ਮੌਕਾ ਨਸੀਬ ਹੋਇਆ। ਪਿੰਡ ਦੇ ਤਿੰਨ ਸਰਕਾਰੀ ਸਕੂਲਾਂ 'ਚੋਂ ਇੱਕੋ ਇੱਕ ਅੰਦਰਲਾ ਪ੍ਰਾਇਮਰੀ ਸਕੂਲ ਹੈ ਜਿਸਦੇ ਵਿਹੜੇ ਵਿੱਚ ਚਿੱਟੇ ਰੰਗ ਨਾਲ ਹਰ ਪਾਸਿਉਂ ਲਿੱਪੀ ਹੋਈ ਗੰਬਦਨੁਮਾ ਮਟੀ ਬਣੀ ਹੋਈ ਹੈ। ਸਕੂਲ ਨੂੰ 'ਅੰਦਰਲਾ ਸਕੂਲ' ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਉਹ ਪਿੰਡ ਦੇ ਐਨ ਅੰਦਰ ਹੈ। ਸਕੂਲ ਦੇ ਦੋ ਦਰਵਾਜੇ ਹਨ, ਇੱਕ ਚੜ੍ਹਦੇ ਪਾਸੇ ਵੱਲ ਤੇ ਦੂਜਾ ਛਿਪਦੇ ਪਾਸੇ ਵੱਲ। ਮੁੱਢ ਤੋਂ ਹੀ ਮਾਹੌਲ ਜਿਹਾ ਬਣਿਆ ਹੋਇਆ ਹੈ ਕਿ ਚੜ੍ਹਦੇ ਤੋਂ ਛਿਪਦੇ ਜਾਂ ਛਿਪਦੇ ਤੋਂ ਚੜ੍ਹਦੇ ਪਾਸੇ ਵੱਲ ਜਾਣ ਵਾਲੇ ਲੋਕ ਸਕੂਲ ਦੇ ਦੋਹਾਂ ਦਰਵਾਜਿਆਂ ਨੂੰ 'ਸ਼ਾਰਟ ਕੱਟ' ਵਜੋਂ ਵਰਤਦੇ ਹਨ। ਸਾਰਾ ਦਿਨ ਰੰਗ-ਬਿਰੰਗੇ ਲੋਕ ਲੰਘਦੇ ਰਹਿੰਦੇ ਹਨ। ਜਿਆਦਤਰ ਬੀਬੀਆਂ ਮਟੀ ਨੂੰ ਨਤਮਸਤਕ ਹੋਏ ਬਗੈਰ ਅੱਗੇ ਪੈਰ ਨਾ ਪੁੱਟਦੀਆਂ। ਮੈਂ ਜਦੋਂ ਵੀ ਕਿਸੇ ਅੰਮ੍ਰਿਤਧਾਰੀ ਔਰਤ ਜਾਂ ਮਰਦ ਨੂੰ ਬਾਣੀ ਦੀਆਂ ਸਿੱਖਿਆਵਾਂ ਦੇ ਉਲਟ ਭੁਗਤਦਿਆਂ, ਮਟੀ ਅੱਗੇ ਮੱਥਾ ਰਗੜਦਿਆਂ ਤੱਕਦਾ ਤਾਂ ਮਨ ਆਪਣੀ ਹੀ ਉਧੇੜ-ਬੁਣ ਵਿੱਚ ਰੁੱਝ ਜਾਂਦਾ। ਮਟੀ ਦੇ ਹੋਂਦ ਵਿੱਚ ਆਉਣ ਬਾਰੇ ਇੱਕ ਬਜ਼ੁਰਗ ਤੋਂ ਜਾਣਕਾਰੀ ਲਈ ਤਾਂ ਉਸ ਦੀ ਵਹਿਮੀ ਦਲੀਲ ਇਹ ਸੀ ਕਿ ਜਦੋਂ ਸਕੁਲ ਦੀ ਇਮਾਰਤ ਉਸਾਰੀ ਜਾ ਰਹੀ ਸੀ ਤਾਂ ਥਮਲੇ ਆਦਮੀ ਕੁ ਜਿੰਨੇ ਉੱਚੇ ਹੋਣ ਤੋਂ ਬਾਦ ਡਿੱਗ ਪੈਂਦੇ ਸਨ। ਫਿਰ ਕਿਸੇ ਨੇ ਇੱਥੇ ਪਹਿਲਾਂ ਮਟੀ ਬਨਾਉਣ ਦੀ ਸਲਾਹ ਦਿੱਤੀ ਸੀ। ਪਹਿਲਾਂ ਇਹ ਮਟੀ ਕਾਫੀ ਛੋਟੀ ਹੋਵੇਗੀ ਪਰ 'ਸ਼ਰਧਾਲੂਆਂ' ਨੇ ਉਸ ਦਾ ਆਕਾਰ ਵਧਾਉਣ ਵਿੱਚ ਅਹਿਮ ਰੋਲ ਨਿਭਾਇਆ। ਅੱਜ ਮਟੀ ਘੱਟੋ-ਘੱਟ 8-9 ਵਰਗ ਫੁੱਟ ਦੇ ਆਕਾਰ ਤੱਕ ਨੂੰ ਪਹੁੰਚ ਗਈ ਹੈ। ਜਦੋਂ ਵੀ ਸਕੂਲ ਟਾਈਮ ਦੌਰਾਨ ਕੋਈ 'ਸ਼ਰਧਾਲੂ' ਮਟੀ ਨੂੰ ਮੱਥਾ ਟੇਕਣ ਆਉਂਦਾ ਤਾਂ ਸਕੂਲ ਦੇ ਬੱਚੇ ਉਸ ਨੂੰ ਬੜੀ ਉਤਸੁਕਤਾ ਨਾਲ ਦੇਖਦੇ। ਬੇਸ਼ੱਕ ਮੱਥਾ ਟੇਕਣ ਵਾਲੇ ਨੂੰ ਵੀ ਪਤਾ ਨਹੀਂ ਹੋਵੇਗਾ ਕਿ ਜਿਸ ਨੂੰ ਉਹ ਮੱਥਾ ਟੇਕ ਰਿਹਾ ਹੈ, ਉਹ ਬਾਬਾ ਮਰਦ ਹੈ ਜਾਂ ਔਰਤ? ਜਾਂ ਉਸ ਦਾ ਨਾਂ ਵਗੈਰਾ ਕੀ ਹੈ? ਪਰ ਇੱਕ ਦੂਜੇ ਨੂੰ ਦੇਖਕੇ ਹੀ ਮੱਥਾ ਟੇਕਣ ਦੀ ਰਵਾਇਤ ਅੱਗੇ ਤੁਰਦੀ ਆ ਰਹੀ ਹੈ। ਸਕੂਲ ਦੇ ਕਾਫੀ ਬੱਚੇ ਵੀ ਅਜਿਹੇ ਸਨ ਜੋ ਮਾਪਿਆਂ ਦੀ ਸਿੱਖਿਆ ਜਾਂ ਦੇਖਾ-ਦੇਖੀ ਦੇ ਪ੍ਰਭਾਵ ਸਦਕਾ ਮਟੀ ਨੂੰ ਸਕੂਲ ਆਉਣ ਸਾਰ ਮੱਥਾ ਟੇਕਦੇ ਹਨ। ਪੇਪਰਾਂ ਦੇ ਦਿਨਾਂ 'ਚ ਮਟੀ ਦੀ ਪੁੱਛ ਪੜਤਾਲ ਕੁਝ ਵਧ ਜਾਂਦੀ ਹੈ। ਇਹਨਾਂ ਗੱਲਾਂ ਦਾ ਪਤਾ ਮੈਨੂੰ ਪਿੰਡ ਵਿੱਚ ਹੀ ਰਹਿਣ ਦੇ ਬਾਵਜੂਦ ਵੀ ਨਹੀਂ ਸੀ ਪਤਾ। ਮੈਂ ਪ੍ਰਾਇਮਰੀ ਦੀਆਂ ਜਮਾਤਾਂ 'ਬਾਹਰਲੇ ਪ੍ਰਾਇਮਰੀ' ਸਕੂਲ 'ਚ ਪੜ੍ਹਿਆ ਹੋਣ ਕਰਕੇ ਇਸ ਸਕੂਲ ਨਾਲ ਜਿਆਦਾ ਵਾਹ ਵਾਸਤਾ ਨਹੀਂ ਸੀ। ਜਦੋਂ ਅੰਦਰਲੇ ਪ੍ਰਾਇਮਰੀ ਸਕੂਲ ਅਤੇ ਬਾਹਰਲੇ ਪ੍ਰਾਇਮਰੀ ਸਕੂਲ ਦੀਆਂ ਪੰਜਵੀਂ ਦੀਆਂ ਜਮਾਤਾਂ ਪਾਸ ਹੋਈਆਂ ਤਾਂ ਸਭ ਨੇ ਵੱਡੇ ਸਕੂਲ ਭਾਵ ਹਾਈ ਸਕੂਲ 'ਚ ਛੇਵੀਂ 'ਚ ਦਾਖਲਾ ਲੈਣਾ ਹੁੰਦਾ ਹੈ। ਇਸ ਮਟੀ ਬਾਰੇ ਜਿਆਦਾ 'ਗਿਆਨ' ਛੇਵੀਂ ਜਮਾਤ 'ਚ ਅੰਦਰਲੇ ਸਕੂਲ 'ਚੋਂ ਆਏ ਵਿਦਿਆਰਥੀ ਸਾਥੀਆਂ ਤੋਂ ਵਧੇਰੇ ਹੋਇਆ।
ਇੱਕ ਭੈਅ ਹੀ ਹੈ ਜਾਂ ਜੁਬਾਨ-ਦਰ-ਜ਼ੁਬਾਨ ਸੁਣੀਆਂ ਬਾਤਾਂ ਦਾ ਹੀ ਪ੍ਰਭਾਵ ਹੁੰਦਾ ਹੈ ਕਿ ਅਸੀਂ ਵੀ ਉਹਨਾਂ ਗੱਲਾਂ 'ਤੇ ਅੱਖਾਂ ਮੀਟ ਕੇ ਪਹਿਰਾ ਦਿੰਦੇ ਰਹਿੰਦੇ ਹਾਂ, ਜਿਹਨਾਂ 'ਤੇ ਸਾਡੇ ਵਡੇਰੇ ਦਿੰਦੇ ਰਹੇ ਹਨ। ਪਰ ਇਹ ਜਰੂਰੀ ਵੀ ਨਹੀਂ ਕਿ ਹਰ ਵਡੇਰਾ ਹਰ ਪੱਖੋਂ ਸਿਆਣਾ ਵੀ ਹੋਵੇ ਕਿਉਂਕਿ ਉਹ ਵੀ ਤਾਂ ਇੱਕ ਇਨਸਾਨ ਹੀ ਹੈ ਜਾਂ ਸੀ। ਡਰ ਨਾਲ ਅਤੇ ਇਸ ਮਟੀ ਨਾਲ ਜੁੜੀਆਂ ਦੋ ਕੁ ਗੱਲਾਂ ਸਾਂਝੀਆਂ ਕਰਨ ਦੀ ਇਜ਼ਾਜਤ ਚਾਹਾਂਗਾ। ਸਕੂਲ ਪੜ੍ਹਨ ਦੇ ਦਿਨਾਂ ਦੌਰਾਨ ਹੀ ਤਰਕਸੀæਲ ਆਗੂ ਸੁਰਜੀਤ ਤਲਵਾਰ, ਮੇਘ ਰਾਜ ਮਿੱਤਰ, ਤਰਕਸ਼ੀਲ ਗੁਰਮੇਲ ਮੋਗਾ, ਡਾ. ਗੁਰਮੇਲ ਮਾਛੀਕੇ ਜਾਂ ਮੇਘ ਰਾਜ ਰੱਲਾ ਜੀ ਵਰਗੀਆਂ ਰੌਸ਼ਨ ਦਿਮਾਗ ਸ਼ਖ਼ਸੀਅਤਾਂ ਨਾਲ ਨਿਰੰਤਰ ਮੇਲ ਜੋਲ ਹੁੰਦਾ ਰਹਿੰਦਾ ਸੀ ਜਾਂ ਤਰਕਸ਼ੀਲ ਸੁਸਾਇਟੀ ਭਾਰਤ ਦਾ ਮਹੀਨੇਵਾਰ ਮੈਗਜੀਨ 'ਤਰਕਬੋਧ' ਪੜ੍ਹਨ ਦਾ ਝੱਸ ਜਿਹਾ ਸੀ। ਉਹਨਾਂ ਵੱਲੋਂ 'ਕੁਛ ਨੀਂ ਹੁੰਦਾ, ਸਭ ਮਨ ਦਾ ਵਹਿਮ ਈ ਹੁੰਦੈ' ਕਹਿੰਦਿਆਂ ਜਦ ਬਾਰ ਬਾਰ ਸੁਣਿਆ ਤਾਂ ਖੁਦ ਨੂੰ ਵੀ ਯਕੀਨ ਜਿਹਾ ਬੱਝਣ ਲੱਗਾ ਕਿ ਜੇ ਇੰਨੇ ਸਿਆਣੇ ਬੰਦੇ ਹਿੱਕ ਠੋਕ-ਠੋਕ ਕੇ ਭੂਤਾਂ-ਪ੍ਰੇਤਾਂ ਕੱਢਣ ਵਾਲਿਆਂ ਨੂੰ ਤਰਕਸੀਲ ਸੁਸਾਇਟੀ ਵੱਲੋਂ 32 ਸ਼ਰਤਾਂ 'ਚੋਂ ਕੋਈ ਇੱਕ ਸ਼ਰਤ ਪੂਰੀ ਕਰਨ ਬਦਲੇ ਲਲਕਾਰਦੇ ਆ ਰਹੇ ਨੇ, ਤਾਂ ਇਹਨਾਂ ਦੀ ਗੱਲ ਜਰੂਰ ਸੱਚੀ ਹੋਵੇਗੀ ਕਿ "ਸਭ ਮਨ ਦਾ ਵਹਿਮ ਈ ਹੁੰਦੈ।" ਪਰ ਇਹ ਸੋਚ ਉਤਪੰਨ ਹੋਣ ਤੋਂ ਪਹਿਲਾਂ ਮੈਂ ਵੀ ਕੁਝ ਡਰਪੋਕ ਜਿਹੀ ਮਾਨਸਿਕਤਾ ਦਾ ਮਾਲਕ ਸੀ। ਮੈਂ ਕਦੇ ਰਾਤ ਨੂੰ ਆਪਣੇ ਘਰ ਦੇ ਪਿਛਵਾੜੇ ਵਾਲੇ ਆਪਣੇ ਹੀ ਖਾਲੀ ਪਏ ਪਲਾਟ ਵੱਲ ਜਾਣ ਦਾ ਤਹੱਈਆ ਵੀ ਨਹੀਂ ਸੀ ਕਰ ਸਕਦਾ। ਕਈ ਵਾਰ ਸੁਣਿਆ ਸੀ ਕਿ ਜਿਹਨਾਂ ਤੋਂ ਅਸੀਂ ਉਹ ਪਲਾਟ ਖਰੀਦਿਆ ਸੀ, ਉਹਨਾਂ ਨੇ ਨਿੱਜੀ ਦੁਸ਼ਮਣੀ ਕਾਰਨ ਇੱਕ ਆਦਮੀ ਦਾ ਕਤਲ ਕਰਕੇ ਉਸਦੀ ਵੱਢੀ-ਟੁੱਕੀ ਲਾਸ਼ ਉਸ ਪਲਾਟ ਵਿੱਚ ਖੜ੍ਹੀ ਕਿੱਕਰ ਹੇਠਾਂ ਲਿਆ ਸੁੱਟੀ ਸੀ। ਮੈਂ ਜਦ ਵੀ ਕੋਠੇ 'ਤੇ ਚੜ੍ਹਦਾ ਤਾਂ ਉਹੀ ਸੁਣੀਆਂ ਸੁਣਾਈਆਂ ਗੱਲਾਂ ਦੇ ਭੈਅ ਕਾਰਨ ਇੱਕ ਤਸਵੀਰ ਜਿਹੀ ਬਣ ਜਾਂਦੀ ਕਿ ਜਿਵੇਂ ਵੱਢੀ-ਟੁੱਕੀ ਲਾਸ਼ ਓਵੇਂ ਹੀ ਕਿੱਕਰ ਹੇਠਾਂ ਪਈ ਹੋਵੇ, ਬੇਸ਼ੱਕ ਮੈਂ ਵਿਚਾਰੇ ਮੁਰਦੇ ਨੂੰ ਦੇਖਿਆ ਜਾਂ ਜਾਣਦਾ ਵੀ ਨਹੀਂ ਸੀ। ਕਈ ਵਾਰ ਤਾਂ ਦਿਨ ਵੇਲੇ ਵੀ ਪਲਾਟ 'ਚ ਜਾਣ ਤੋਂ ਭੈਅ ਆਉਂਦਾ। ਜਦ ਕਦੇ ਮੈਂ 'ਸਭ ਮਨ ਦਾ ਵਹਿਮ ਹੁੰਦੈ' ਦੀ ਮੁਹਾਰਨੀ ਵੱਡੇ ਭਰਾ ਅੱਗੇ ਰਟ ਦੇਣੀ ਤਾਂ ਉਹਨੇ ਕਹਿ ਦੇਣਾ ਕਿ "ਜੇ ਐਨਾ ਹੀ ਦਲੇਰ ਐਂ ਤਾਂ ਜਾਹ ਰਾਤ ਨੂੰ ਆਪਣੀ ਕਿੱਕਰ ਨੂੰ ਹੱਥ ਲਾ ਕੇ ਆਵੀਂ।" ਰਾਤ ਨੂੰ ਕਿੱਕਰ ਨੂੰ ਹੱਥ ਲਾਅੁਣ ਦੀ ਗੱਲ ਸੁਣਦਿਆਂ ਹੀ ਫਿਰ ਸਾਹ ਸੂਤੇ ਜਾਣੇ, ਮਨ ਦੀ ਕਿਸੇ ਨੁੱਕਰੋਂ ਫਿਰ ਵਹਿਮੀ ਦਲੀਲ ਨਿਕਲਣੀ ਕਿ "ਐਵੇਂ ਫੜ੍ਹ ਨਾ ਮਾਰਿਆ ਕਰ, ਕੀ ਪਤਾ ਕਿ ਕੁਛ ਹੁੰਦਾ ਵੀ ਹੋਵੇ?" ਮੇਰੀ ਤਰਕਸ਼ੀਲਤਾ ਦੀ ਗੱਡੀ ਰਾਤ ਨੂੰ ਕਿੱਕਰ ਨੂੰ ਹੱਥ ਲਾ ਕੇ ਮੁੜ ਆਉਣ ਦੇ ਸਵਾਲ ਅੱਗੇ 'ਪੈਂਚਰ' ਹੋ ਜਾਂਦੀ...! ਮੈਂ ਇੱਕ ਦਿਨ ਆਪਣਾ ਖਿੱਲਰਿਆ ਜਿਹਾ ਆਤਮ ਵਿਸ਼ਵਾਸ਼ ਇਕੱਠਾ ਕੀਤਾ ਤੇ ਮੂੰਹ ਹਨੇਰੇ ਜਿਹੇ ਬਿਨਾਂ ਕਿਸੇ ਨੂੰ ਕੁਝ ਦੱਸੇ ਕਿੱਕਰ ਨੂੰ ਹੱਥ ਲਾਉਣ ਲਈ ਚਾਲੇ ਪਾ ਦਿੱਤੇ ਤਾਂ ਜੋ ਨਿੱਤ-ਨਿੱਤ ਦਾ ਡਰ ਇੱਕ ਵਾਰ ਕੱਢ ਹੀ ਲਿਆ ਜਾਵੇ। ਬੜਾ ਡਰ ਲੱਗੇ ਕਿ "ਮਨਾ ਕਿਸੇ ਨੂੰ ਦੱਸਿਆ ਵੀ ਨਹੀਂ, ਜੇ ਮੁਰਦੇ ਨੇ ਫੜ੍ਹ ਕੇ ਬਿਠਾ ਲਿਆ ਤਾਂ ਕੀਹਦੀ ਮਾਂ ਨੂੰ ਮਾਸੀ ਕਹੇਂਗਾ।" ਮੈਂ ਜਿਗਰੇ ਜਿਹੇ ਨਾਲ ਕਿੱਕਰ ਉੱਪਰੋਂ ਦੀ ਇੱਕ ਦੀ ਬਜਾਏ ਤਿੰਨ ਚੱਕਰ ਕੱਢ ਦਿੱਤੇ। ਖੁਦ ਦੀ ਬਾਂਹ 'ਤੇ ਹੱਥ ਲਾ ਕੇ ਦੇਖਿਆ ਪਰ ਮੈਨੂੰ ਕੁਝ ਨਹੀਂ ਹੋਇਆ ਸੀ। ਮੈਂ ਬੜੇ ਜੇਤੂ ਜਿਹੇ ਅੰਦਾਜ 'ਚ ਘਰ ਆ ਗਿਆ। ਫਿਰ ਮੈਂ ਵੱਡੇ ਭਰਾ ਨੂੰ ਖੁਦ ਹੀ ਰਾਤ ਵੇਲੇ ਕਿੱਕਰ ਨੂੰ ਹੱਥ ਲਾਉਣ ਦਾ ਚੈਲਿੰਜ ਪੂਰਾ ਕਰਨ ਬਾਰੇ ਕਹਿ ਕੇ ਕਿੱਕਰ ਨੂੰ ਹੱਥ ਲਾ ਕੇ ਵੀ ਦਿਖਾ ਦਿੱਤਾ। ਉਸ ਤੋਂ ਬਾਦ ਮੈਂ 'ਕੁਛ ਨਹੀਂ ਹੁੰਦਾ' ਵਾਲੀ ਗੱਲ ਦਾ ਫੈਲਾਅ ਆਪਣੇ ਸਕੂਲ ਦੇ ਸਾਥੀਆਂ ਨਾਲ ਵੀ ਕਰਨਾ ਸ਼ੁਰੂ ਕਰ ਦਿੱਤਾ। ਕਿੱਕਰ ਨੂੰ ਹੱਥ ਲਾ ਕੇ ਮੇਰੇ ਹੌਸਲੇ ਕੁਝ ਬੁਲੰਦ ਜਿਹੇ ਹੋ ਗਏ ਸਨ। ਸਕੂਲ ਵਿੱਚ ਛੇਵੀਂ ਜਮਾਤ 'ਚ 'ਕੱਠੇ ਹੋਏ ਅੰਦਰਲੇ ਸਕੂਲ ਵਾਲੇ ਵਿਦਿਅਰਥੀਆਂ ਵਿੱਚ ਕਿਸੇ ਗੱਲ ਦਾ ਸੱਚ ਮੰਨਵਾਉਣ ਲਈ ਆਪਣਾ ਹੀ ਫਾਰਮੂਲਾ ਸੀ ਤੇ ਬਾਹਰਲੇ ਸਕੂਲ ਵਾਲਿਆਂ ਦਾ ਆਪਣਾ। ਅੰਦਰਲੇ ਸਕੂਲ ਵਾਲੇ ਆਖਿਆ ਕਰਨ ਕਿ "ਚੱਲ੍ਹ ਚੜ੍ਹ ਸਕੂਲ ਵਾਲੀ ਮਟੀ 'ਤੇ।" ਇਹ ਇਸ ਕਰਕੇ ਕਿ ਉਹਨਾਂ ਉੱਪਰ ਮਟੀ ਦਾ ਵਧੇਰੇ ਪ੍ਰਭਾਵ ਸੀ ਅਤੇ ਬਾਹਰਲੇ ਸਕੂਲ ਦੀ ਕੰਧ ਗੁਰਦੁਆਰੇ ਨਾਲ ਸਾਂਝੀ ਹੋਣ ਕਰਕੇ ਆਮ ਹੀ ਕਹਿ ਦਿੱਤਾ ਜਾਂਦਾ ਸੀ ਕਿ "ਚੱਲ੍ਹ ਖਾ ਸੌਂਹ ਗੁਰਦੁਆਰੇ ਦੀ।" ਅੰਦਰਲੇ ਸਕੂਲ ਦੀ ਮਟੀ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਸਨ। ਕਦੇ ਕੋਈ ਵਿਦਿਆਰਥੀ ਦੱਸਦਾ ਕਿ ਉੱਥੇ ਐਤਵਾਰ ਨੂੰ ਮਟੀ 'ਚ ਭੂਤਾਂ ਛੈਣੇ ਵਜਾਉਂਦੀਆਂ ਨੇ, ਕਦੇ ਕਿਸੇ ਨੇ ਕਹਿਣਾ ਕਿ ਮਟੀ ਉੱਤੋਂ ਦੀ ਸੱਤ ਗੇੜੇ ਦੇ ਕੇ ਜੇ ਕੋਈ ਇਹ ਕਹਿ ਦੇਵੇ ਕਿ "ਆਹ ਚੱਲਿਆਂ ਸੁੱਕਾ, ਕਰਲੈ ਜੋ ਕਰਨੈ" ਤਾਂ ਭੂਤਾਂ ਮੌਕੇ 'ਤੇ ਈ ਤਜ਼ਰਬਾ ਦਿਖਾ ਦਿੰਦੀਆਂ ਨੇ। ਭੂਤਾਂ ਵੱਲੋਂ ਐਤਵਾਰ ਨੂੰ ਛੈਣੇ ਵਜਾਉਣ ਵਾਲੀ ਗੱਲ ਸਕੂਲ ਵਿੱਚ ਜੰਗਲ ਦੀ ਅੱਗ ਵਾਂਗ ਫੈਲੀ ਹੋਈ ਸੀ। ਨਿਆਣਮੱਤੇ ਹੋਣ ਕਰਕੇ ਕੋਈ ਵੀ 'ਜਾਂਦੀਏ ਬਲਾਏ ਦੁਪਹਿਰਾ ਕੱਟ ਕੇ ਜਾਈਂ' ਵਾਂਗ ਛੈਣਿਆਂ ਵਾਲੀਆਂ ਸੰਗੀਤ-ਪਸੰਦ ਭੂਤਾਂ ਨਾਲ ਪੰਗਾ ਨਹੀਂ ਲੈਣਾ ਚਾਹੁੰਦਾ ਸੀ। ਹਰ ਕੋਈ ਡਰਦਾ ਸੀ ਕਿ ਜੇ ਸੁੱਕਾ ਨਾ ਜਾਣ ਦਿੱਤਾ ਫੇਰ....!
'ਤਰਕਬੋਧ' ਵਿੱਚ ਆਮ ਹੀ ਲਿਖਿਆ ਹੁੰਦਾ ਸੀ ਕਿ ਹਰ ਘਟਨਾ ਪਿੱਛੇ ਕੋਈ ਨਾ ਕੋਈ ਵਿਗਿਆਨਕ ਕਾਰਨ ਜਰੂਰ ਹੁੰਦੈ। ਰਸਾਲਾ ਹੀ ਦੱਸਦਾ ਹੁੰਦਾ ਸੀ ਕਿ ਕਿਸੇ ਵੀ ਗੱਲ 'ਤੇ ਅੱਖਾਂ ਮੀਚ ਕੇ ਵਿਸ਼ਵਾਸ਼ ਕਰਨ ਤੋਂ ਪਹਿਲਾਂ ਖੁਦ ਪੜਤਾਲ ਕਰੋ....ਵਗੈਰਾ ਵਗੈਰਾ। ਐਤਵਾਰ ਦਾ ਦਿਨ ਸੀ, ਮੈਂ ਸਵੇਰ ਤੋਂ ਹੀ ਭੂਤਾਂ ਦੇ ਛੈਣੇ ਸੁਣਨ ਜਾਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ। ਬੇਸ਼ੱਕ ਸੱਤਵੀਂ ਜਮਾਤ ਦਾ ਵਿਦਿਆਰਥੀ ਹੀ ਸਾਂ ਪਰ ਕਿੱਕਰ ਵਾਲੇ ਤਜ਼ਰਬੇ 'ਚੋਂ ਪਾਸ ਹੋਣ ਤੋਂ ਬਾਦ ਮੈਂ 'ਕਲਾਕਾਰ ਭੂਤਾਂ' ਨਾਲ ਪੰਗਾ ਲੈਣ ਜਾ ਰਿਹਾ ਸਾਂ। ਮਨ ਵਿੱਚ ਇੱਕ ਖਿੱਚ ਜਿਹੀ ਸੀ ਕਿ ਛੈਣੇ ਵੱਜਣ ਵਾਲੀ ਗੱਲ ਦਾ ਰਾਜ ਕੀ ਹੋਇਆ? ਸਾਥੀਆਂ ਤੋਂ ਸੁਣਿਆ ਸੀ ਕਿ ਤਿੱਖੜ ਦੁਪਹਿਰੇ ਹੀ ਛੈਣੇ ਵਜਦੇ ਨੇ, ਇਸੇ ਲਈ ਉਸ ਵੇਲੇ ਦਾ ਇੰਤਜਾਰ ਕਰ ਰਿਹਾ ਸੀ ਜਦੋਂ ਸੂਰਜ ਐਨ ਸਿਰ ਦੇ ਉੱਪਰ ਆ ਜਾਂਦੈ। ਦੁਪਹਿਰਾ ਹੋਇਆ ਤਾਂ ਮੈਂ ਅੱਜ ਪਹਿਲੀ ਵਾਰ ਅੰਦਰਲੇ ਸਕੂਲ 'ਚ ਖੜ੍ਹਾ ਸਾਂ। ਚਾਰੇ ਪਾਸੇ ਚੁੱਪ ਸੀ, ਸ਼ਾਇਦ ਐਤਵਾਰ ਨੂੰ ਛੈਣੇ ਵੱਜਣ ਵਾਲੀ ਗੱਲ ਦੇ ਭੈਅ ਕਾਰਨ ਕੋਈ ਜੁਆਕ 'ਕੱਲਾ ਸਕੂਲ ਨਹੀਂ ਸੀ ਆਉਂਦਾ। ਮੈਂ ਪੈਂਤਰੇ ਜਿਹੇ ਕੱਢਦੇ ਨੇ ਮਟੀ ਉੱਪਰੋਂ ਦੀ ਸੱਤ ਦੀ ਬਜਾਏ ਨੌਂ ਗੇੜੇ ਕੱਢੇ ਅਤੇ ਖੜ੍ਹ ਕੇ "ਆਹ ਚੱਲਿਆਂ ਸੁੱਕਾ, ਕਰਲੈ ਜੋ ਕਰਨੈ।" ਵੀ ਬੜੇ ਹੌਸਲੇ ਨਾਲ ਕਿਹਾ। ਪਰ ਕਿਸੇ ਵੀ ਭੂਤ ਬਾਬੇ ਜਾਂ ਬੇਬੇ ਨੇ ਮੈਨੂੰ ਕੁਝ ਨਾ ਕਿਹਾ। ਹੁਣ ਮੈਂ ਭੂਤਾਂ ਦਾ 'ਗੌਣ' ਸੁਣਨਾ ਸੀ। ਮਟੀ ਦਾ ਆਕਾਰ ਦੋ ਪੀਪਿਆਂ ਜਿੱਡਾ ਸੀ ਪਰ ਉਸ ਦਾ ਦਰਵਾਜਾ ਸਿਰਫ ਹੀ ਇੱਟ ਕੁ ਦੇ ਆਕਾਰ ਦਾ ਸੀ। ਮੈਂ ਜਿਉਂ ਹੀ ਮਟੀ ਦੇ ਦਰਵਾਜੇ ਨਾਲ ਕੰਨ ਲਾਇਆ ਤਾਂ ਮਹਿਸੂਸ ਜਿਹਾ ਹੋਵੇ ਜਿਵੇਂ ਸਚਮੁੱਚ ਹੀ ਕੁਝ ਖੜਕ ਰਿਹਾ ਹੋਵੇ। ਮੈਂ ਦੋ ਤਿੰਨ ਵਾਰ ਉਸੇ ਤਰ੍ਹਾਂ ਹੀ ਕਰਕੇ ਦੇਖਿਆ, ਫਿਰ ਉਵੇਂ ਹੀ ਮਹਿਸੂਸ ਹੋਵੇ ਜਿਵੇਂ ਟਨਨ..ਟਨਨ..ਟਨਨ ਵਰਗੀਆਂ ਆਵਾਜਾਂ ਧੀਮੀਆਂ ਜਿਹੀਆਂ ਸੁਣਾਈ ਦੇ ਰਹੀਆਂ ਹੋਣ। ਮੇਰਾ ਕਿਤਾਬਾਂ ਪੜ੍ਹ ਕੇ ਹੀ ਨਿੱਡਰ ਹੋਇਆ ਬਾਲਮਨ ਇਹ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਸਕੂਲ ਵਾਲੀ ਮਟੀ ਦੀਆਂ ਭੂਤਾਂ ਦੀ ਕਲਾਕਾਰ ਜੰਡਲੀ ਮਟੀ ਅੰਦਰ 'ਰਿਆਜ਼' ਕਰ ਰਹੀ ਹੈ ਸਗੋਂ ਦਿਲ 'ਚੋਂ ਇਹੀ ਆਵਾਜ਼ ਆਵੇ ਕਿ "ਕੋਈ ਵਿਗਿਆਨਕ ਕਾਰਨ ਤਾਂ ਹੋਊਗਾ ਹੀ।" ਤਿੱਖੜ ਦੁਪਹਿਰਾ, ਮੈਂ 'ਕੱਲਾ ਹੀ ਸਕੂਲ ਵਾਲੀ ਮਟੀ ਦੇ ਨੇੜਲੇ ਪਿੱਪਲ ਦੀ ਛਾਂ ਹੇਠ ਬੈਠਾ ਛੈਣੇ ਵੱਜਣ ਦਾ ਕਾਰਨ ਲੱਭ ਰਿਹਾ ਸੀ। ਬਈ ਮਿੱਤਰੋ! ਐਵੇਂ ਹੈਰਾਨ ਨਾ ਹੋਈ ਜਾਵੋ, ਸਚਮੁੱਚ ਹੀ ਛੈਣੇ ਵੱਜਣ ਦਾ ਵੀ ਵਿਗਿਆਨਕ ਕਾਰਨ ਸੀ। ਜੋ ਮੇਰੇ ਉਸ ਵੇਲੇ ਦੇ ਬਾਲ-ਮਨ ਨੇ ਖੋਜ ਕੀਤੀ ਉਸਤੋਂ ਪਹਿਲਾਂ ਇਹ ਜਾਣ ਲਉ ਕਿ ਮੇਰਾ ਪਿੰਡ ਖੇਤੀਬਾੜੀ ਦਾ ਸੰਦ 'ਕਹੀਆਂ' ਬਣਾਉਣ 'ਚ ਮਸ਼ਹੂਰ ਸੀ ਅਤੇ ਹੁਣ ਵੀ ਹੈ। ਪਰ ਇਹ ਗੱਲ 1990 ਕੁ ਦੀ ਹੈ। ਉਨੀਂ ਦਿਨੀਂ ਪਿੰਡ ਦਾ ਲਗਭਗ ਹਰ ਮਿਸਤਰੀ (ਤਰਖਾਣ) ਪਰਿਵਾਰ ਕਹੀਆਂ ਬਣਾਉਂਦਾ ਸੀ। ਮਿਸਤਰੀਆਂ ਦੇ ਲਗਭਗ ਸਾਰੇ ਘਰ ਪਿੰਡ ਦੇ ਅੰਦਰ ਹੀ ਭਾਵ ਅੰਦਰਲੇ ਸਕੂਲ ਦੇ ਨੇੜੇ ਨੇੜੇ ਜਿਹੇ ਹੀ ਸਨ। ਦੂਰ ਦੂਰ ਤੱਕ ਸਪਲਾਈ ਹੁੰਦੀਆਂ ਕਹੀਆਂ ਦੀ ਮੰਗ ਪੂਰੀ ਕਰਨ ਲਈ ਮਿਸਤਰੀ ਹਰ ਵੇਲੇ ਹੀ ਕਹੀਆਂ ਦੇ ਪੱਤ ਕੁੱਟਣ 'ਚ ਰੁੱਝੇ ਰਹਿੰਦੇ। ਛੈਣੇ ਖੜਕਣ ਵਾਲੀ ਗੱਲ ਦੀ ਖੁੱਦੋ, ਜੋ ਮੈਂ ਉਧੇੜੀ ਉਸ ਦਾ ਕਾਰਨ ਇਹ ਸੀ ਕਿ ਮਿਸਤਰੀਆਂ ਵੱਲੋਂ ਕਹੀਆਂ ਦੇ ਪੱਤ ਕੁੱਟਣ ਦੀਆਂ ਟਨਨ..ਟਨਨ ਦੀਆਂ ਆਵਾਜਾਂ ਹੀ ਮਟੀ ਵਿੱਚੋਂ ਉਵੇਂ ਸੁਣਾਈ ਦਿੰਦੀਆਂ ਸਨ ਜਿਵੇਂ ਕਿਸੇ ਪੁਰਾਣੀ ਗੁੰਬਦਨੁਮਾ ਉੱਪਰ ਨੂੰ ਉੱਠਵੀਂ ਜਿਹੀ ਇਮਾਰਤ ਅੰਦਰ ਖੜ੍ਹਕੇ ਆਵਾਜ ਮਾਰੋ ਤਾਂ ਆਵਾਜ ਮੁੜ ਮੁੜ ਆਉਂਦੀ ਰਹਿੰਦੀ ਹੈ। ਇਹੋ ਜਿਹਾ ਕੁਝ ਹੀ ਅੰਦਰੋਂ ਖੁੱਲੀ੍ਹ ਪਰ ਭੀੜੇ ਮੂੰਹ ਵਾਲੀ ਮਟੀ ਅੰਦਰ ਵਾਪਰ ਰਿਹਾ ਸੀ। ਮਟੀ ਅੰਦਰੋਂ ਮਹਿਸੂਸ ਹੁੰਦੀਆਂ ਟਨਨ..ਟਨਨ ਦੀਆਂ ਆਵਾਜਾਂ ਕੋਈ ਕਲਾਕਾਰ ਭੂਤ ਨਹੀਂ ਸਗੋਂ ਮਣਸਾ ਸਿਉਂ ਜਾਂ ਗੁਲਵੰਤ ਸਿਉਂ ਵਰਗੇ ਕਾਰੀਗਰਾਂ ਦੇ ਮਚਾਖਾਂ ਅਤੇ ਹਥੌੜਿਆਂ ਦੇ ਟਕਰਾਅ ਚੋਂ ਪੈਦਾ ਹੋ ਰਹੀਆਂ ਸਨ। ਇਹੀ ਤਿੱਖੀਆਂ ਆਵਾਜਾਂ ਮਟੀ ਦੇ ਦਰਵਾਜੇ ਨਾਲ ਕੰਨ ਲਾਉਣ 'ਤੇ 'ਈਕੋ' ਜਿਹੀ ਵਾਂਗ ਸੁਣਾਈ ਦਿੰਦੀਆਂ ਸਨ। ਸਿਰਫ ਐਤਵਾਰ ਨੂੰ ਹੀ ਛੈਣੇ ਵੱਜਦੇ ਸੁਣਨ ਦਾ ਮੁੱਖ ਕਾਰਨ ਇਹ ਸੀ ਕਿ ਦੂਜੇ ਦਿਨੀਂ ਸਕੂਲ ਦੇ ਬੱਚਿਆਂ ਦੀ ਕਾਵਾਂਰੌਲੀ 'ਚ 'ਮਿਸਤਰੀਆ ਦੇ ਛੈਣੇ' ਸੁਣਾਈ ਨਹੀਂ ਦਿੰਦੇ ਸਨ, ਪਰ ਐਤਵਾਰ ਨੂੰ ਚਾਰੇ ਪਾਸੇ ਸ਼ਾਂਤੀ ਹੋਣ ਕਾਰਨ ਹੀ ਇਹ ਆਵਾਜਾਂ ਸੁਣਾਈ ਦਿੰਦੀਆ ਸਨ। ਮੈਂ ਉਸ ਦਿਨ ਮਾਣ-ਮੱਤੀ ਖੋਜ਼ ਕਰਕੇ ਘਰ ਆ ਕੇ ਦੱਸਿਆ ਤਾਂ ਪਟਵਾਰੀ ਦੇ ਮੁੰਡੇ ਨੂੰ ਨਿਉਂਦਾ ਪੈਣ ਵਾਂਗ ਘਰੋਂ ਨਾਨ-ਸਟਾਪ ਗਾਲ੍ਹਾਂ ਪਈਆਂ ਸਨ।
ਮੈਂ ਸਕੂਲ 'ਚ ਬੈਠਾ ਸੋਚ ਰਿਹਾ ਸਾਂ ਕਿ ਅੱਜ ਜਦੋਂ ਕਹੀਆਂ ਬਣਾਉਣ ਦੇ ਧੰਦੇ 'ਚੋਂ ਕੁਝ ਬਚਦਾ ਨਾ ਹੋਣ ਕਰਕੇ ਪਿੰਡ ਦੇ ਵਧੇਰੇ ਕਾਰੀਗਰਾਂ ਨੇ ਕਿੱਤੇ 'ਚ ਬਦਲਾਅ ਲੈ ਆਂਦਾ ਹੈ ਅਤੇ ਕੋਈ ਟਾਂਵੀਂ ਹੀ ਟਨਨ..ਟਨਨ ਦੀ ਆਵਾਜ ਕੰਨੀਂ ਪੈਂਦੀ ਹੈ ਤਾਂ ਵਿਚਾਰੀਆਂ ਮਟੀ ਵਾਲੀਆਂ ਭੂਤਾਂ ਨੇ ਛੈਣੇ ਕਿੱਥੋਂ ਵਜਾਉਣੇ ਹੋਏ? ਜੇ ਬਚਪਨ 'ਚ ਇਸ ਛੈਣਿਆਂ ਵਾਲੀ ਖੁੱਦੋ ਨੂੰ ਨਾ ਫਰੋਲਿਆ ਜਾਂਦਾ ਤਾਂ ਖੋਰੇ ਮੈਂ ਵੀ ਦੂਜਿਆਂ ਵਾਂਗ ਹੀ ਆਉਂਦਾ ਜਾਂਦਾ 'ਅਣਜਾਣ ਮਟੀ ਬਾਬੇ' ਨੂੰ ਮੱਥਾ ਟੇਕਦਾ ਰਹਿੰਦਾ ਤੇ ਪਤਾ ਨਹੀਂ ਰਾਤ ਨੂੰ ਕਿੱਕਰ ਨੂੰ ਹੱਥ ਲਾਉਣ ਵਾਲਾ ਭੈਅ ਕਿੱਥੋਂ ਕੁ ਤੱਕ ਖਹਿੜਾ ਨਾ ਛੱਡਦਾ?

3 comments:

  1. Thanks for sharing your experience..your writings are excellent...keeep it up bhaji.
    Regards
    Raman Sangha

    ReplyDelete
  2. hanji Mandeep ji your writing is so close to the reality. There are thousands of examples infront of us of such kind of illusions but very rare people try to find the truth behind such kind of fake stories. and i am so proud of you that u shared your experienced with us so we can also take a lesson and accept the reality.

    ReplyDelete
  3. ਜਿਹੜਾ ਅੱਜ ਤੱਕ ਨਾਂ ਕਿਸੇ ਤੋਂ ਹੋਸਕਿਆ
    ਵੀਰ ਖੁਰਮੀ ਤੂੰ ਐਸਾ ਕੰਮ ਕਰ ਦਿਖਾਇਆ,
    ਜਿਹੜੇ ਕਹਿੰਦੇਂ ਨੇ ਮਾਂ ਬੋਲੀ ਦੀ ਸੇਵਾ ਕਰਦੇਆਂ
    ਉਹਤਾਂ ਕਹਿੰਦੇਂ ਹੀ ਨੇ,ਕਰਕੇ ਤਾਂ ਤੂੰ ਦਿਖਾਇਆ,
    ਦਿਨ ਦੁਗਨੀ ਰਾਤ ਚੋਗਣੀਂ ਕਰੇ ਤਰੱਕੀ ,
    ਅਸਾਂ ਮੰਗਕੇ ਦੁਆ ਰੱਬ ਕੋਲੋਂ ਹਿਮੰਤਪੁਰਾ ਡੋਟਕਾਮ ਚ ਯੋਗਦਾਨ ਪਾਇਆ,
    ਖੁਸੀ ਹੁੰਦੀ ਬੜੀ ਓਦੋਂ ਇਸ ਗੱਲ ਦੀ
    ਜਦੋਂ ਵੀਰ ਪੰਜਾਬੀ ਕੋਈ ਐਸਾ ਕੰਮ ਕਰੇ,
    ਮਾਣ ਹੁੰਦੇ ਸਾਰੇ ਪੰਜ਼ਾਬੀਆਂ ਨੂੰ
    ਦਸ ਸਕਦੇ ਨਹੀ ਕਿੰਨਾ ਸਾਨੂੰ ਚਾਅ ਚੜੇ|

    Surinder singh Bhatti
    Hounslow central
    London

    ReplyDelete