ਤੇਰਾ ਨਾਂ

ਮਨਦੀਪ ਖੁਰਮੀ ਹਿੰਮਤਪੁਰਾ
ਤੇਰਾ ਨਾਂ ਚੱਲੇ
ਮੇਰੇ ਨਾਂ ਦੇ ਨਾਲ।
ਜਿਵੇਂ ਧੁੱਪ ਚਲਦੀ
ਛਾਂ ਦੇ ਨਾਲ।
ਯਾਦਾਂ ਤੇਰੀਆਂ ਦਾ ਮੋਹ
ਰਵ੍ਹੇ ਇੰਝ ਬਣਿਆ,
ਜਿਵੇਂ ਹੁੰਦੈ ਪ੍ਰਦੇਸੀ ਦਾ
ਗਰਾਂ ਦੇ ਨਾਲ।
ਭੰਵਰਾ, ਸੀ ਜੋ ਸ਼ੁਦਾਈ
ਇੱਕ ਗੁਲਾਬ ਦਾ,
ਕੱਲਾ ਹੈ ਤਾਂ ਯਾਰਾਨਾ
ਸੁੰਨ ਸਰਾਂ ਦੇ ਨਾਲ।
ਤੇਰੀ ਰਜ਼ਾ ‘ਚ ਰਹਿਣਾ
ਰਾਜੀ ਇਸ ਕਦਰ,
ਸਾਥ ਬੋਲਾਂ ਦਾ ਜਿਵੇਂ
ਜ਼ੁਬਾਂ ਦੇ ਨਾਲ।
ਲੱਖ ਚਾਹਿਆ ਨਾ ਹੋਣ
ਮਨਫੀ ਓਹ ਪਲ,
ਯਾਦਾਂ ਬਣ ਜੁੜ ਗਏ
ਜੋ ਥਾਂ-ਥਾਂ ਦੇ ਨਾਲ।
ਤੂੰ ਸੂਰਜ
ਤੇਰੇ ਤੱਕ ਕਿੰਝ ਪੁੱਜਾਂ,
ਮੈਂ ਉੱਡਕੇ
ਮੋਮ ਦੇ ਪਰਾਂ ਦੇ ਨਾਲ।
ਤੇਰੇ ਰਹਿਮ ਉੱਤੇ ਬਸ
ਜੀਅ ਰਿਹਾ ਇੱਕ ਜੀਅ,
ਸਾਹ ਅਟਕੇ ਨੇ
ਤੇਰੀ ‘ਹਾਂ’ ਜਾਂ ‘ਨਾਂਹ’ ਦੇ ਨਾਲ।
ਤੇਰਾ ਨਾਂ ਚੱਲੇ
ਮੇਰੇ ਨਾਂ ਦੇ ਨਾਲ।
ਜਿਵੇਂ ਧੁੱਪ ਚਲਦੀ ਐ
ਛਾਂ ਦੇ ਨਾਲ।

No comments:

Post a Comment